ਅਮਰੀਕਾ ‘ਚ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ’ਚ ਡਬਲਿਊ.ਐੱਚ.ਓ. ਦੀ ਭੂਮਿਕਾ ਅਹਿਮ: ਕਮਲਾ ਹੈਰਿਸ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਅਮਰੀਕਾ ਨੂੰ ਦੁਬਾਰਾ ਸੰਯੁਕਤ ਰਾਸ਼ਟਰ ਸਿਹਤ ਏਜੰਸੀ ’ਚ ਸ਼ਾਮਲ ਕਰਵਾਉਣ ਲਈ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਦੇ ਮੁਖੀ ਟੈਡਰੋਸ ਅਧਾਨੋਮ ਗੈਬਰਿਆਸਿਸ ਨਾਲ ਫੋਨ ’ਤੇ ਗੱਲਬਾਤ ਕੀਤੀ।

ਰਾਸ਼ਟਰਪਤੀ ਬਾਇਡਨ ਨੇ ਕਾਰਜਭਾਰ ਸੰਭਾਲਦਿਆਂ ਹੀ ਅਮਰੀਕਾ ਨੂੰ ਡਬਲਿਊ.ਐੱਚ.ਓ. ’ਚ ਸ਼ਾਮਲ ਕਰਵਾਉਣ ਦੇ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਸਨ। ਵ੍ਹਾਈਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਹੈਰਿਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਨ੍ਹਾਂ ਅਤੇ ਬਾਇਡਨ ਨੂੰ ਪੂਰਾ ਯਕੀਨ ਹੈ ਕਿ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ’ਚ ਡਬਲਿਊ.ਐੱਚ.ਓ. ਦੀ ਭੂਮਿਕਾ ਅਹਿਮ ਹੈ। ਬਿਆਨ ਮੁਤਾਬਕ, ‘ਉਪ-ਰਾਸ਼ਟਰਪਤੀ ਅਤੇ ਡਬਲਿਊ.ਐੱਚ.ਓ. ਮੁਖੀ ਨੇ ਆਲਮੀ ਮਹਾਮਾਰੀ ਨਾਲ ਨਜਿੱਠਣ ਅਤੇ ਲੋਕਾਂ ਦੀ ਸਿਹਤ ਅਤੇ ਮਨੁੱਖੀ ਕਾਰਜਾਂ ’ਤੇ ਅਮਰੀਕਾ ਦੀ ਭੂਮਿਕਾ ਬਾਰੇ ਚਰਚਾ ਕੀਤੀ।’ ਗੈਬਰਿਆਸਿਸ ਨੇ ਹੈਰਿਸ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਵੀ ਦਿੱਤੀ।