ਮੀਡੀਆ ਡੈਸਕ: ਆਪਣੀ ਹੀ ਨਣਾਨ ਦੀ ਫੋਟੋ ਨਾਲ ਛੇੜਛਾੜ ਕਰ ਕੇ ਆਪਣੇ ਪਤੀ ਨੂੰ ਭੇਜ ਕੇ ਉਸ ਤੋਂ 20 ਲੱਖ ਰੁਪਏ ਦੀ ਮੰਗ ਕਰਨ ਵਾਲੀ ਮਹਿਲਾ ਖ਼ਿਲਾਫ਼ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਦੇ ਪਤੀ ਨੇ ਪਹਿਲਾਂ ਸਾਈਬਰ ਸੈੱਲ ਨੂੰ ਇਸ ਦੀ ਸ਼ਿਕਾਇਤ ਦਿੱਤੀ। ਸਾਈਬਰ ਸੈੱਲ ਦੀ ਮੁੱਢਲੀ ਜਾਂਚ ਮਗਰੋਂ ਮਾਮਲਾ ਮੌਲੀਜਾਗਰਾਂ ਥਾਣੇ ਪੁੱਜਾ। ਜਿੱਥੇ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਬਰੇਲੀ ਵਾਸੀ ਮੁਲਜ਼ਮ ਮਹਿਲਾ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਮੌਲੀਜਾਗਰਾਂ ਵਾਸੀ ਇਕ ਸ਼ਖ਼ਸ ਨੇ ਆਪਣੀ ਪਤਨੀ 'ਤੇ ਉਸ ਦੀ ਭੈਣ ਦੀ ਫੋਟੋ ਨਾਲ ਛੇੜਛਾੜ ਕਰਕੇ ਇੰਟਰਨੈੱਟ 'ਤੇ ਪਾਉਣ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦਾ ਵਿਆਹ ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਰਹਿਣ ਵਾਲੀ ਮਹਿਲਾ ਨਾਲ ਹੋਈ ਸੀ। ਵਿਆਹ ਦੇ ਕੁਝ ਦਿਨਾਂ ਤਕ ਸਭ ਕੁਝ ਠੀਕ ਠਾਕ ਚੱਲਣ ਮਗਰੋਂ ਉਸ ਦੀ ਆਪਣੀ ਪਤਨੀ ਨਾਲ ਨਹੀਂ ਬਣੀ ਤੇ ਉਸ ਦੀ ਪਤਨੀ ਪੇਕੇ 'ਚ ਰਹਿਣ ਲਈ ਚਲੀ ਗਈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਪਤਨੀ ਨੇ ਉਸ ਦੀ ਭੈਣ ਦੀਆਂ ਕੁਝ ਫੋਟੋਆਂ ਨਾਲ ਛੇੜਛਾੜ ਕਰ ਕੇ ਉਸ ਦੇ ਮੋਬਾਈਲ ਨੰਬਰ 'ਤੇ ਵੱਟਸ ਐਪ ਕਰ ਦਿੱਤੀਆਂ। ਨਾਲ ਹੀ ਉਸ ਨੇ ਸੰਦੇਸ਼ ਭੇਜਦੇ ਹੋਏ ਕਿਹਾ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਹ ਫੋਟੋਆਂ ਨੂੰ ਇੰਟਰਨੈੱਟ 'ਤੇ ਵਾਇਰਲ ਕਰ ਦੇਵੇਗੀ। ਮਾਮਲੇ 'ਚ ਪੀੜਤ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਪੁਲਿਸ ਨੇ ਸਾਈਬਰ ਸੈੱਲ ਨੇ ਮੁੱਢਲੀ ਜਾਂਚ ਮਗਰੋਂ ਰਿਪੋਰਟ ਮੌਲੀਜਾਗਰਾਂ ਥਾਣਾ ਪੁਲਿਸ ਨੂੰ ਸੌਂਪ ਦਿੱਤੀ। ਸਾਈਬਰ ਸੈੱਲ ਦੀ ਜਾਂਚ ਰਿਪੋਟਰ ਦੇ ਆਧਾਰ 'ਤੇ ਮੌਲੀਜਾਗਰਾਂ ਥਾਣਾ ਪੁਲਿਸ ਨੇ ਮਹਿਲਾ ਖ਼ਿਲਾਫ਼ ਆਈਟੀ ਐਕਟ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



