ਅੰਬਿਕਾਪੁਰ (ਰਾਘਵ) : ਛੱਤੀਸਗੜ੍ਹ ਦੇ ਅੰਬਿਕਾਪੁਰ ਜ਼ਿਲੇ 'ਚ ਅਧਿਆਪਕ ਪਤੀ ਨਾਲ ਝਗੜੇ ਤੋਂ ਬਾਅਦ ਇਕ ਔਰਤ ਨੇ ਆਪਣੀ ਬੇਟੀ ਸਮੇਤ ਕਥਿਤ ਤੌਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਮੀਨਾ ਗੁਪਤਾ (35) ਅਤੇ ਉਸ ਦੀ ਬੇਟੀ ਆਸਥਾ ਗੁਪਤਾ (7) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੁੰਨੀ ਹਾਈ ਸਕੂਲ ਦੇ ਸਾਹਮਣੇ ਇਕ ਦਰੱਖਤ ਨਾਲ ਇਕ ਔਰਤ ਅਤੇ ਲੜਕੀ ਦੀਆਂ ਲਾਸ਼ਾਂ ਲਟਕੀਆਂ ਹੋਈਆਂ ਹਨ, ਜਿਸ ਤੋਂ ਬਾਅਦ ਪੁਲਸ ਟੀਮ ਮੌਕੇ 'ਤੇ ਰਵਾਨਾ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪੁਲਸ ਅਧਿਕਾਰੀਆਂ ਦੇ ਮੁਤਾਬਕ ਮੀਨਾ ਦਾ ਪਤੀ ਸੰਜੇ ਪਿੰਡ ਕੁੰਨੀ ਦੇ ਹਾਈ ਸਕੂਲ ਵਿੱਚ ਬਤੌਰ ਅਧਿਆਪਕ ਕੰਮ ਕਰਦਾ ਹੈ ਅਤੇ ਦੋਵਾਂ ਵਿਚਾਲੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਜਦੋਂ ਮੀਨਾ ਆਪਣੀ ਬੇਟੀ ਨਾਲ ਸਕੂਲ ਪਹੁੰਚੀ ਤਾਂ ਉਸ ਦਾ ਪਤੀ ਨਾਲ ਫਿਰ ਝਗੜਾ ਹੋ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਮਾਂ-ਧੀ ਸਕੂਲ ਦੇ ਬਾਹਰ ਹੀ ਬੈਠੇ ਰਹੇ ਅਤੇ ਸ਼ਾਮ ਨੂੰ ਸਕੂਲ ਬੰਦ ਹੋਣ ਤੱਕ ਦੋਵੇਂ ਸਕੂਲ ਦੇ ਬਾਹਰ ਹੀ ਸਨ। ਉਸ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਲੋਕਾਂ ਨੇ ਸਕੂਲ ਦੇ ਸਾਹਮਣੇ ਦਰੱਖਤ 'ਤੇ ਦੋਹਾਂ ਦੀਆਂ ਲਾਸ਼ਾਂ ਲਟਕਦੀਆਂ ਦੇਖੀਆਂ। ਪੁਲਸ ਨੂੰ ਸ਼ੱਕ ਹੈ ਕਿ ਮੀਨਾ ਨੇ ਰਾਤ ਨੂੰ ਆਪਣੀ ਬੇਟੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।



