ਭਾਜਪਾ ਤੇ ਢੀਂਡਸਾ ਧੜੇ ਨਾਲ ਮਿਲ ਕੇ ਬਣਾਵਾਂਗੇ ਸਰਕਾਰ : ਕੈਪਟਨ ਅਮਰਿੰਦਰ ਸਿੰਘ

by jaskamal

ਨਿਊਜ਼ ਡੈਸਕ (ਜਸਕਮਲ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਪਣੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਮੁੱਖ ਦਫ਼ਤਰ ਦਾ ਉਦਘਾਟਨ ਕਰਨ ਮਗਰੋਂ ਦਾਅਵਾ ਕੀਤਾ ਕਿ ਉਹ ਪੰਜਾਬ ’ਚ ਭਾਜਪਾ ਤੇ ਢੀਂਡਸਾ ਧੜੇ ਨਾਲ ਗੱਠਜੋੜ ਕਰ ਕੇ ਅਗਲੀ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਗੱਠਜੋੜ ਬਾਰੇ ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਨਾਲ ਗੱਲਬਾਤ ਹੋ ਚੁੱਕੀ ਹੈ ਤੇ ਹੁਣ ਉਹ ਭਾਜਪਾ ਦੇ ਹੋਰਨਾਂ ਲੀਡਰਾਂ ਨਾਲ ਮੁਲਾਕਾਤ ਕਰਨਗੇ। ਅਗਲੀਆਂ ਚੋਣਾਂ ਵਿਚ ਤਜਰਬੇਕਾਰਾਂ ਨੂੰ ਟਿਕਟਾਂ ਦਿੱਤੀ ਜਾਵੇਗੀ। ਕੈਪਟਨ ਨੇ ਕਿਹਾ ਕਿ ਭਾਵੇਂ ਸੀਟਾਂ ਬਾਰੇ ਗੱਲਬਾਤ ਹੋਣੀ ਬਾਕੀ ਹੈ ਪਰ ਉਨ੍ਹਾਂ ਦੀ ਸਮਝ ਹੈ ਕਿ ਜਿਸ ਪਾਰਟੀ ਦਾ ਜੋ ਜਿੱਤਣ ਵਾਲਾ ਹੋਵੇਗਾ, ਉਸ ਨੂੰ ਹੀ ਟਿਕਟ ਦਿੱਤੀ ਜਾਵੇਗੀ।

ਅਮਰਿੰਦਰ ਸਿੰਘ ਨੇ ‘ਆਪ’ ਬਾਰੇ ਕਿਹਾ ਕਿ ਅਗਰ ਪਾਰਟੀ ਆਪਣੀ ਸਥਿਤੀ ਮਜ਼ਬੂਤ ਦੱਸ ਰਹੀ ਹੈ ਤਾਂ ਉਨ੍ਹਾਂ ਦੇ ਵਿਧਾਇਕ ਮੈਦਾਨ ਛੱਡ ਕੇ ਕਿਉਂ ਭੱਜ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਤਿੰਨ ਕਾਨੂੰਨ ਰੱਦ ਹੋ ਚੁੱਕੇ ਹਨ ਤੇ ਐੱਮਐੱਸਪੀ ਦੇ ਮਾਮਲੇ ’ਤੇ ਕਮੇਟੀ ਬਣ ਰਹੀ ਹੈ, ਬਕਾਇਆ ਮਸਲੇ ਵੀ ਹੱਲ ਕੀਤੇ ਜਾ ਰਹੇ ਹਨ। ਇਸੇ ਦੌਰਾਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ’ਚੋਂ ਸਿਰਫ ਅਮਰਿੰਦਰ ਸਿੰਘ ਹੀ ਅਗਲੀ ਚੋਣ ਲੜਣਗੇ। ਉਨ੍ਹਾਂ ਖੁਦ ਚੋਣ ਲੜਨ ਤੋਂ ਇਨਕਾਰ ਕੀਤਾ।

ਕੈਪਟਨ ਨਾਲ ਨਜ਼ਰ ਨਹੀਂ ਆਇਆ ਕੋਈ ਵੱਡਾ ਚਿਹਰਾ

ਅੱਜ ਮੁੱਖ ਦਫ਼ਤਰ ਖੋਲ੍ਹੇ ਜਾਣ ਸਮੇਂ ਕੈਪਟਨ ਅਮਰਿੰਦਰ ਸਿੰਘ ਨਾਲ ਕਾਂਗਰਸ ਪਾਰਟੀ ’ਚੋਂ ਆਇਆ ਕੋਈ ਵੱਡਾ ਚਿਹਰਾ ਨਹੀਂ ਦਿਖਿਆ। ਕੋਈ ਸਾਬਕਾ ਵਿਧਾਇਕ ਜਾਂ ਮੰਤਰੀ ਵੀ ਨਹੀਂ ਆਇਆ। ਰਣਇੰਦਰ ਸਿੰਘ ਤੋਂ ਇਲਾਵਾ ਅਮਰਿੰਦਰ ਸਿੰਘ ਦੀ ਬੇਟੀ ਵੀ ਮੌਕੇ ’ਤੇ ਹਾਜ਼ਰ ਸਨ। ਅਮਰਿੰਦਰ ਸਿੰਘ ਵੱਲੋਂ ਇੱਥੇ 9 ਸੈਕਟਰ 'ਚ ਆਪਣਾ ਦਫ਼ਤਰ ਖੋਲ੍ਹਿਆ ਗਿਆ ਹੈ।