ਅਫਗਾਨਿਸਤਾਨ ਨੂੰ ਵਿੰਡੀਜ਼ ਨੇ 23 ਦੌੜਾਂ ਨਾਲ ਹਰਾਇਆ, ਵਰਲਡ ਕੱਪ ‘ਚ ਇਕ ਵੀ ਮੈਚ ਨਹੀਂ ਜਿੱਤੇ ਅਫਗਾਨ

by

ਲੰਡਨ ਡੈਸਕ (ਵਿਕਰਮ ਸਹਿਜਪਾਲ) : ਚੋਟੀ ਦੇ ਬੱਲੇਬਾਜ਼ਾਂ ਦੇ ਉਪਯੋਗੀ ਯੋਗਦਾਨ ਨਾਲ ਵੱਡਾ ਸਕੋਰ ਬਣਾਉਣ ਵਾਲੇ ਵੈਸਟਇੰਡੀਜ਼ ਨੇ ਕਾਰਲੋਸ ਬ੍ਰੈੱਥਵੇਟ ਤੇ ਕੇਮਰ ਰੋਚ ਦੀ ਗੇਂਦਬਾਜ਼ੀ ਨਾਲ ਸ਼ਾਨਦਾਰ ਵਾਪਸੀ ਕਰਕੇ ਵੀਰਵਾਰ ਨੂੰ ਇੱਥੇ ਅਫਗਾਨਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ-2019 ਤੋਂ ਆਪਣੀ ਮੁਹਿੰਮ ਦਾ ਅੰਤ ਜਿੱਤ ਨਾਲ ਕੀਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਵੈਸਟਇੰਡੀਜ਼ ਨੇ ਲੇਵਿਸ (58), ਸ਼ਾਈ ਹੋਪ (77) ਤੇ ਨਿਕੋਲਸ ਪੂਰਨ (58) ਦੇ ਸ਼ਾਨਦਾਰ ਅਰਧ ਸੈਂਕੜਿਆਂ  ਨਾਲ 50 ਓਵਰਾਂ ਵਿਚ 6 ਵਿਕਟਾਂ 'ਤੇ 311 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਦੇ ਜਵਾਬ ਵਿਚ ਅਫਗਾਨਿਸਤਾਨ ਦੀ ਟੀਮ ਨਿਰਧਾਰਿਤ 50 ਓਵਰਾਂ ਵਿਚ 288 ਦੌੜਾਂ 'ਤੇ ਆਊਟ ਹੋ ਗਈ। 


ਅਫਗਾਨਿਸਤਾਨ ਦੀ ਟੀਮ ਤਦ ਜਿੱਤ ਦੀ ਸਥਿਤੀ ਵਿਚ ਦਿਸ ਰਹੀ ਸੀ, ਜਦੋਂ 18 ਸਾਲਾ ਇਕਰਾਮ ਅਲੀਖਿਲ (93 ਗੇਂਦਾਂ 'ਤੇ 86 ਦੌੜਾਂ) ਤੇ ਰਹਿਮਤ ਸ਼ਾਹ (78 ਗੇਂਦਾਂ 'ਤੇ 82 ਦੌੜਾਂ) ਖੇਡ ਰਹੇ ਸਨ ਪਰ ਇਨ੍ਹਾਂ ਦੋਵਾਂ ਵਿਚਾਲੇ ਦੂਜੀ ਵਿਕਟ ਲਈ 133 ਦੌੜਾਂ ਦੀ ਸਾਂਝੇਦਾਰੀ ਟੁੱਟਣ ਤੋਂ ਬਾਅਦ ਵੈਸਟਇੰਡੀਜ਼ ਨੇ ਸ਼ਾਨਦਾਰ ਵਾਪਸੀ ਕਰ ਕੇ ਟੂਰਨਾਮੈਂਟ ਵਿਚ ਆਪਣੀ ਦੂਜੀ ਜਿੱਤ ਦਰਜ ਕੀਤੀ। ਵੈਸਟਇੰਡੀਜ਼ ਤੇ ਅਫਗਾਨਿਸਤਾਨ ਦੋਵੇਂ ਹੀ ਵਿਸ਼ਵ ਕੱਪ ਦੇ ਸੈਮੀਫਾਈਨਲ ਦੀ ਦੌੜ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਸਨ। 


ਵੈਸਟਇੰਡੀਜ਼ ਨੇ 9 ਮੈਚਾਂ ਵਿਚੋਂ 5 ਅੰਕਾਂ ਦੇ ਨਾਲ ਅੰਤ ਕੀਤਾ ਜਦਕਿ ਅਫਗਾਨਿਸਤਾਨ ਇਕ ਵੀ ਮੈਚ ਨਹੀਂ ਜਿੱਤ ਸਕਿਆ ਤੇ ਲਗਾਤਾਰ 9 ਮੈਚਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਉਸ ਨੇ ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਦਰਸ਼ਕਾਂ ਦਾ ਦਿਲ ਜਿੱਤਣ ਵਿਚ ਕਾਮਯਾਬ ਰਹੀ।