ਨਤੀਜਾ ਐਲਾਨੇ ਜਾਣ ’ਚ ਕੁਝ ਘੰਟਿਆਂ ਦਾ ਸਮਾਂ ਬਾਕੀ, ਭਗਵੰਤ ਮਾਨ ਦੇ ਘਰ ’ਚ ਵਿਆਹ ਵਰਗਾ ਮਾਹੌਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੇਸ਼ੱਕ ਵਿਧਾਨ ਸਭਾ ਚੋਣਾਂ ਦਾ ਨਤੀਜਾ ਕੁਝ ਘੰਟਿਆਂ ਦਾ ਸਮਾਂ ਬਾਕੀ ਪਰ ਐਗਜ਼ਿਟ ਪੋਲ ਦੇ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੇ ਹਰ ਵਰਕਰ ਤੇ ਸਮਰਥਕ ਦੇ ਚਿਹਰਿਆਂ ’ਤੇ ਖ਼ੁਸ਼ੀ ਲਿਆ ਦਿੱਤੀ ਹੈ। ਹਲਕਾ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਮੁੱਖ ਮੰਤਰੀ ਦੇ ਦਾਅਵੇਦਾਰ ਭਗਵੰਤ ਮਾਨ ਦੇ ਨਿਵਾਸ ’ਤੇ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਸਨ। ਉਨ੍ਹਾਂ ਦੇ ਘਰ ’ਚ ਵਿਆਹ ਵਰਗਾ ਮਾਹੌਲ ਸੀ।

ਮਾਨ ਦੇ ਸੰਗਰੂਰ ਨਿਵਾਸ ਦੇ ਨਜ਼ਦੀਕ ਜਿੱਥੇ ਇਕ ਵੱਡਾ ਮੰਚ ਤਿਆਰ ਕਰ ਦਿੱਤਾ ਗਿਆ ਹੈ, ਉੱਥੇ ਆਉਣ ਵਾਲੇ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਿਵੇਂ ਹੀ ਚੋਣ ਨਤੀਜੇ ਸਾਹਮਣੇ ਆਉਣਗੇ, ਉਸ ਤੋਂ ਬਾਅਦ ਅਗਲੀ ਰਣਨੀਤੀ ਬਣਾਈ ਜਾਵੇਗੀ।

ਭਗਵੰਤ ਮਾਨ ਦੇ ਘਰ ਦੇ ਆਸ-ਪਾਸ ਸੁਰੱਖਿਆ ਨੂੰ ਵੀ ਵਧਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਤੇ ਹਲਕਾ ਧੂਰੀ ਤੋਂ ਉਮੀਦਵਾਰ ਨੇ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਦਾਅਵੇਦਾਰ ਬਣਾਇਆ ਗਿਆ ਹੈ। ਮਾਨ ਦੇ ਨਿਵਾਸ ਵੱਲ ਜਾਣ ਵਾਲੇ ਰਸਤੇ ’ਤੇ ਬੈਰੀਕੇਡ ਲਾ ਦਿੱਤੇ ਗਏ ਹਨ, ਜਿਸ ਕਾਰਨ ਮਾਨ ਦੇ ਨਿਵਾਸ ਦੇ ਸੌ ਮੀਟਰ ਦਾ ਦਾਇਰੇ ’ਚ ਹੋਰ ਨਿੱਜੀ ਵਾਹਨਾਂ ਨੂੰ ਲਿਜਾਣ ਦੀ ਇਜਾਜ਼ਤ ਨਹੀਂ ਹੈ।

ਮੌਕੇ ’ਤੇ ਮੌਜੂਦ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਘਰਾਚੋਂ ਨੇ ਕਿਹਾ ਕਿ ਹਲਕਾ ਧੂਰੀ ਜਾਂ ਸੰਗਰੂਰ ਹੀ ਨਹੀਂ, ਬਲਕਿ ਪੂਰੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਸਮਰਥਨ ਦਿੱਤਾ ਹੈ। ਲੋਕਾਂ ਦੇ ਇਸ ਸਮਰਥਨ ਨੇ ਸਾਫ਼ ਕਰ ਦਿੱਤਾ ਹੈ ਕਿ ਆਉਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇਗੀ।