WKC – ਭਾਰਤੀ ਟੀਮ ‘ਚ ਕਪੂਰਥਲਾ ਦੇ ਸੱਤ ਖਿਡਾਰੀ, ਹਰ ਵਿਸ਼ਵ ਕੱਪ ਰਿਹਾ ਹੈ ਕਪੂਰਥਲੇ ਦਾ ਦਬਦਬਾ

by

ਕਪੂਰਥਲਾ (ਇੰਦਰਜੀਤ ਸਿੰਘ ਚਾਹਲ) : ਪੰਜਾਬ ਸਰਕਾਰ ਵਲੋ 1 ਤੋਂ 10 ਦਸੰਬਰ ਤਕ 9 ਦੇਸ਼ਾਂ ਦੀਆਂ ਟੀਮਾਂ ਵਿਚ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਵਿਚ ਕਪੂਰਥਲਾ ਦੇ ਕਬੱਡੀ ਦੇ ਕਬੱਡੀ ਖਿਡਾਰੀਆਂ ਦੀ ਚਮਕ-ਦਮਕ ਦੇਖਣ ਨੂੰ ਮਿਲੇਗੀ। ਵਿਸ਼ਵ ਕਬੱਡੀ ਖੇਡਣ ਜਾ ਰਹੀ ਭਾਰਤੀ ਟੀਮ ਵਿਚ ਇਸ ਵਾਰ ਕਪੂਰਥਲਾ ਜਿਲੇ ਦੇ ਖਿਡਾਰੀਆਂ ਪੂਰਾ ਦਬਦਬਾ ਨਜ਼ਰ ਆ ਰਿਹਾ ਹੈ। ਵਿਸ਼ਵ ਕੱਪ ਲਈ ਚੁਣੀ ਗਈ ਅੱਧੀ ਟੀਮ ਕਪੂਰਥਲਾ ਦੇ ਖਿਡਾਰੀਆਂ ਨਾਲ ਲੈਸ ਹੈ। ਟੀਮ ਵਿਚ ਜਿਲੇ ਦੇ ਸੱਤ ਖਿਡਾਰੀ 4 ਰੇਡਰ ਤੇ 3 ਜਾਫੀ ਸ਼ਾਮਲ ਕੀਤੇ ਗਏ ਹਨ। 

ਟੀਮ ਵਿਚ ਕਪੂਰਥਲਾ ਦੇ ਪਿੰਡ ਸੁਰਖਪੁਰ ਨਾਲ ਸਬੰਧਿਤ ਦੋ ਵਿਸ਼ਵ ਕੱਪ ਖੇਡਣ ਵਾਲੇ ਯਾਦਵਿੰਦਰ ਸਿੰਘ ਯਾਦਾ, ਇਕ ਵਿਸ਼ਵ ਕੱਪ ਖੇਡਣ ਵਾਲੇ ਪਿੰਡ ਸੰਗੋਜਲਾ ਦੇ ਰਣਯੋਧ ਸਿੰਘ ਯੋਧਾ, ਪਿੰਡ ਖੀਰਾਂਵਾਲੀ ਦੇ ਕੁਲਦੀਪ ਸਿੰਘ ਤਾਰੀ ਨੂੰ ਜਾਫੀ ਵਜੋ ਸ਼ਾਮਲ ਕੀਤਾ ਗਿਆ ਹੈ। ਉਥੇ ਹੀ ਰੇਡਰਾਂ ਵਿਚ ਪਿੰਡ ਧਾਲੀਵਾਲ ਬੇਟ ਦੇ ਬਲਵਾਨ ਸਿੰਘ ਬਾਨਾ, ਪਿੰਡ ਮਹਿਮਦਵਾਲ ਦੇ ਨਵਜੋਤ ਸਿੰਘ ਜੋਤਾ ਤੇ ਪਿੰਡ ਸੰਧੂਚੱਠਾ ਦੇ ਤਜਿੰਦਰ ਸਿੰਘ ਮਨੀ, ਸਰਬਜੀਤ ਸਿੰਘ ਪਿੰਡ ਭੰਡਾਲ ਦੋਨਾ ਨੂੰ ਸ਼ਾਮਲ ਕੀਤਾ ਗਿਆ ਹੈ।

ਵਿਸ਼ਵ ਕੱਪ 'ਚ ਰਿਹਾ ਹੈ ਕਪੂਰਥਲਾ ਦੇ ਖਿਡਾਰੀਆਂ ਦਾ ਦਬਦਬਾ

ਕਬੱਡੀ ਖੇਡ ਦੇ ਭਾਰਤ ਵਿਚ ਹੁਣ ਤਕ ਛੇ ਵਿਸ਼ਵ ਕੱਪ ਹੋਏ ਹਨ। ਪੰਜ ਵਿਸ਼ਵ ਕੱਪ ਖੇਡੇ ਗਏ ਹਨ ਤੇ ਛੇਵਾ ਵਿਸ਼ਵ ਕੱਪ ਬਿਨਾ ਕੋਈ ਮੈਚ ਖੇਡੇ ਰੱਦ ਕਰ ਦਿੱਤਾ ਗਿਆ ਸੀ। ਸਾਲ 2010 ਹੋਏ ਪਹਿਲੇ ਵਿਸ਼ਵ ਕੱਪ ਵਿਚ ਕਪੂਰਥਲਾ ਦੇ ਪਿੰਡ ਸੁਰਖਪੁਰ ਦੇ ਹੀ ਪੰਜ ਖਿਡਾਰੀ ਵਿਸ਼ਵ ਦੀਆਂ ਵੱਖ ਵੱਖ ਟੀਮਾਂ ਦਾ ਹਿੱਸਾ ਸਨ। ਜਿਨਾਂ 'ਚ ਭਾਰਤ ਵਲੋ ਹਰਦਵਿੰਦਰਜੀਤ ਸਿੰਘ ਦੁੱਲਾ ਪਿੰਡ ਸੁਰਖਪੁਰ, ਸੁਖਜੀਤ ਸਿੰਘ ਸੁੱਖਾ ਭੰਡਾਲ ਦੋਨਾ, ਸੰਦੀਪ ਸਿੰਘ ਮਹਿਮਦਵਾਲ ਸ਼ਾਮਲ ਹਨ। ਇਸ ਤੋਂ ਇਲਾਵਾ ਬਾਕੀ ਵਿਸ਼ਵ ਕੱਪਾਂ ਵਿਚ ਗੱਗੀ ਖੀਰਾਂਵਾਲੀ, ਸੁੱਖੀ ਲੱਖਣਕੇ ਪੱਡਾ ਵੀ ਵਿਸ਼ਵ ਕੱਪ ਦਾ ਹਿੱਸਾ ਰਹਿ ਚੁੱਕੇ ਹਨ। ਕਨੇਡਾ ਦੀ ਟੀਮ ਵਲੋ ਤੋਗਾਂਵਾਲ ਪਿੰਡ ਦੇ ਹਰਦੀਪ ਸਿੰਘ ਤਾਉ, ਸਿੱਧਵਾਂ ਦੋਨਾ ਦੇ ਜੱਸਾ ਸਿੱਧਵਾਂ, ਕੁਲਵਿੰਦਰ ਕਿੰਦਾ ਬਿਹਾਰੀਪੁਰ, ਅਮਰੀਕਾ ਦੀ ਟੀਮ ਵਲੋ ਰਾਣਾ ਭੰਡਾਲ, ਬਿੱਲਾ ਨੱਥੂਚਾਹਲ, ਇਟਲੀ ਦੀ ਟੀਮ ਵਲੋ ਚੰਨਾ ਖੀਰਾਂਵਾਲੀ, ਨਾਰਵੇ ਦੀ ਟੀਮ ਵਲੋ ਬੂਰਾ ਨੱਥੂਚਾਹਲ, ਸਪੇਨ ਵਲੋ ਮਾਣਾ ਵਡਾਲਾ ਫਾਟਕ ਆਦਿ ਪਲੇਅਰ ਵਿਸ਼ਵ ਕੱਪ ਵਿਚ ਖੇਡ ਚੁੱਕੇ ਹਨ।

4 ਵਾਰ ਬੈਸਟ ਪਲੇਅਰ ਬਣੇ ਜਿਲੇ ਦੇ ਪਲੇਅਰ

ਵਿਸ਼ਵ ਕੱਪ ਵਿਚ ਕਪੂਰਥਲਾ ਦੇ ਖਿਡਾਰੀਆਂ ਨੇ ਆਪਣੀ ਖੇਡ ਦੇ ਪੂਰੇ ਚਰਚੇ ਕਰਵਾਏ ਹਨ। ਪਿੰਡ ਸੁਰਖਪੁਰ ਦੇ ਯਾਦਵਿੰਦਰ ਸਿੰਘ ਯਾਦਾ ਬੈਸਟ ਜਾਫੀ, ਮਹਿਦਵਾਲ ਦੇ ਸੰਦੀਪ ਸਿੰਘ, ਪਿੰਡ ਖੀਰਾਂਵਾਲ ਦੇ ਗਗਨਦੀਪ ਸਿੰਘ ਗੱਗੀ ਵਿਸ਼ਵ ਕੱਪ ਦੇ ਬੈਸਟ ਪਲੇਅਰ ਬਣੇ ਚੁੱਕੇ। ਗਗਨਦੀਪ ਗੱਗੀ ਨੇ ਲਗਾਤਾਰ ਦੋ ਵਾਰ ਇਹ ਖਿਤਾਬ ਜਿੱਤੇ ਹਨ। ਜਦਕਿ ਸੰਦੀਪ ਸਿੰਘ ਮਹਿਮਦਵਾਲ ਟੀਮ ਦੇ ਕਪਤਾਨ ਵੀ ਰਹਿ ਚੁੱਕੇ ਹਨ।