ਲੁਧਿਆਣਾ (ਰਾਘਵ) : ਥਾਣਾ ਸਲੇਮ ਟਾਬਰੀ ਅਧੀਨ ਪੈਂਦੇ ਮੁਹੱਲਾ ਭਗਤ ਸਿੰਘ ਕਾਲੋਨੀ 'ਚ ਇਕ ਔਰਤ ਵਲੋਂ ਸ਼ਿਵ ਮੰਦਰ ਦੇ ਅੰਦਰ ਸ਼ਿਵ ਪਰਿਵਾਰ ਦੀਆਂ ਮੂਰਤੀਆਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਬੀਤੀ ਰਾਤ ਭਗਤ ਸਿੰਘ ਕਾਲੋਨੀ ਸਥਿਤ ਸ਼ਿਵ ਮੰਦਰ 'ਚ ਇਕ ਔਰਤ ਹੱਥ 'ਚ ਚੱਪਲਾਂ ਫੜੀ ਹੋਈ ਸੀ। ਜਿਸ ਤੋਂ ਬਾਅਦ ਉਕਤ ਔਰਤ ਨੇ ਮੰਦਰ ਦੇ ਅੰਦਰ ਸਥਾਪਿਤ ਸ਼ਿਵ ਪਰਿਵਾਰ ਦੀਆਂ ਮੂਰਤੀਆਂ 'ਤੇ ਚੱਪਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਔਰਤ ਨੂੰ ਮੰਦਰ 'ਚ ਖੜ੍ਹੇ ਲੋਕਾਂ ਨੇ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮ ਔਰਤ ਦੀ ਪਛਾਣ ਸੋਨੀਆ ਸਚਦੇਵਾ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਵਜੋਂ ਕੀਤੀ ਹੈ। ਪੁਲਸ ਨੇ ਦੋਸ਼ੀ ਔਰਤ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
