ਪੱਤਰ ਪ੍ਰੇਰਕ : ਫਿਲੌਰ ਦੇ ਪਿੰਡ ਗੜ੍ਹਾ ਦੀ ਰਹਿਣ ਵਾਲੀ 27 ਸਾਲਾਂ ਵਿਆਹੁਤਾ ਪ੍ਰੀਤ ਕੌਰ ਪਤਨੀ ਇੰਦਰਜੀਤ ਸਿੰਘ ਦੀ ਬਾਂਹ ਉਤੇ ਲੱਗੀ ਸੀ, ਸੱਟ ਲਈ ਇਲਾਜ ਕਰਵਾਉਣ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਹੋਈ ਸੀ, ਜਿਸ ਦੀ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕਾ ਦੇ ਪਤੀ ਇੰਦਰਜੀਤ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਨੂੰ ਹਸਪਤਾਲ ਦਾਖਲ ਕਰਵਾਇਆ ਸੀ, ਜਿਥੇ ਡਾਕਟਰ ਉਸ ਨੂੰ 11 ਵਜੇ ਦੇ ਕਰੀਬ ਅਪ੍ਰੇਸ਼ਨ ਰੂਮ ਵਿੱਚ ਲੈ ਗਏ ਸਨ। ਇਲਾਜ ਦੌਰਾਨ ਡਾਕਟਰ ਕੋਲੋਂ ਉਸ ਦੀ ਪਤਨੀ ਦੇ ਗਲਤ ਟੀਕਾ ਲੱਗ ਗਿਆ, ਜਿਸ ਕਾਰਨ ਉਸ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ।
ਡਾਕਟਰਾਂ ਨੇ ਉਨ੍ਹਾਂ ਨੂੰ 3 ਘੰਟੇ ਬਾਅਦ ਦੱਸੀਆ ਕਿ ਪ੍ਰੀਤ ਦੀ ਹਾਲਤ ਖਰਾਬ ਹੋ ਗਈ। ਇਸ ਨੂੰ ਜਲੰਧਰ ਰੈਫਰ ਕਰਨਾ ਹੈ ਜਦੋਂ ਮੈਂ ਆਪਣੀ ਪਤਨੀ ਨੂੰ ਦੇਖਿਆ ਤਾਂ ਉਸ ਦੇ ਸਾਰੇ ਸਰੀਰ ਨੂੰ ਸੋਜ ਪਈ ਹੋਈ ਸੀ ਅਤੇ ਉਸ ਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋ ਰਹੀ ਸੀ। ਡਾਕਟਰਾਂ ਨੇ ਜਲੰਧਰ ਰੈਫਰ ਕਰ ਦਿੱਤਾ ਅਤੇ ਇੱਕ ਮਹਿਲਾ ਡਾਕਟਰ ਵੀ ਉਨ੍ਹਾਂ ਨਾਲ ਗਈ, ਪਰ ਉਹ ਜਲੰਧਰ ਜਾ ਕੇ ਲਾਪਤਾ ਹੋ ਗਈ ਤੇ ਅੱਜ ਸਵੇਰੇ ਉਸ ਦੀ ਪਤਨੀ ਦੀ ਮੌਤ ਹੋ ਗਈ।
ਇੰਦਰਜੀਤ ਨੇ ਕਿਹਾ ਕਿ ਉਸ ਦੀ ਪਤਨੀ ਦੀ ਮੌਤ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਈ ਹੈ। ਦੂਜੇ ਪਾਸੇ ਇਸ ਦੇ ਰੋਸ ਵਜੋਂ ਇਲਾਕੇ ਭਰ ਦੇ ਲੋਕਾਂ ਨੇ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਡਾਕਟਰ ਦੇ ਖਿਲਾਫ ਧਰਨਾ ਲਗਾ ਦਿੱਤਾ ਅਤੇ ਇਨਸਾਫ ਦੀ ਮੰਗ ਕੀਤੀ। ਫਿਲੌਰ ਹਸਪਤਾਲ ਦੀ ਐਸਐਮਓ ਰੋਹਨੀ ਗੋਇਲ ਨੇ ਦੱਸਿਆ ਕਿ ਡਾਕਟਰਾਂ ਕੋਲੋਂ ਕੋਈ ਗਲਤੀ ਨਹੀਂ ਹੋਈ। ਇਹ ਜੋ ਕੁਝ ਵੀ ਹੋਇਆ ਅਚਾਨਕ ਹੋਇਆ। ਇਸੇ ਮਰੀਜ਼ ਦਾ ਉਹ ਪਹਿਲਾਂ ਵੀ ਦੋ ਵਾਰ ਆਪ੍ਰੇਸ਼ਨ ਕਰ ਚੁੱਕੇ ਹਨ, ਜੋ ਸਫਲ ਰਹੇ ਸਨ। ਮੌਕੇ ਤੇ ਥਾਣਾ ਫਿਲੌਰ ਦੀ ਪੁਲਿਸ ਦੇ ਐੱਸਆਈ ਪਰਮਜੀਤ ਸਿੰਘ ਨੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।



