ਕੁਵੈਤ ਵਿਚ ਫਸੀ ਧਾਲੀਵਾਲ ਦੀ ਔਰਤ ਨੂੰ ਜੱਜ ਰਾਣਾ ਕੰਵਰਦੀਪ ਕੌਰ ਦੇ ਸੁਚੱਜੇ ਯਤਨਾਂ ਸਦਕਾ ਮੁੜ ਘਰ ਪਰਤ ਆਈ

by

ਗੁਰਦਾਸਪੁਰ : ਕੁਵੈਤ ਵਿਚ ਫਸੀ ਧਾਲੀਵਾਲ ਦੀ ਔਰਤ ਨੂੰ ਜੱਜ ਰਾਣਾ ਕੰਵਰਦੀਪ ਕੌਰ ਦੇ ਸੁਚੱਜੇ ਯਤਨਾਂ ਸਦਕਾ ਮੁੜ ਘਰ ਪਰਤ ਆਈ ਹੈ। ਪਰਿਵਾਰ ਦੇ ਪਾਲਣ ਪੋਸ਼ਣ ਲਈ ਵਿਦੇਸ਼ ਜਾ ਕੇ ਕਮਾਈ ਕਰਨ ਦਾ ਸੁਪਨਾ ਸੰਜੋਈ ਵੀਨਾ ਏਜੰਟ ਰਾਹੀਂ ਵਿਦੇਸ਼ ਲਈ ਰਵਾਨਾ ਹੋਈ। ਕੁਵੈਤ ਪਹੁੰਚ ਕੇ ਏਜੰਟ ਨੇ ਉਸ ਨੂੰ ਪਾਕਿਸਤਾਨੀ ਆਦਮੀ ਕੋਲ 1200 ਦੀਨਾਰ (2.70 ਲੱਖ ਰੁਪਏ) ਵਿਚ ਵੇਚ ਦਿਤਾ, ਜਿਸ ਨੂੰ ਇੰਡੀਅਨ ਅੰਬੈਂਸੀ ਨੇ 1200 ਦੀਨਾਰ ਦੇ ਕੇ ਛੁਡਵਾ ਲਿਆ।ਸ਼ੁੱਕਰਵਾਰ ਨੂੰ ਜਿਵੇਂ ਹੀ ਵੀਨਾ ਦੇ ਭਾਰਤ ਪਹੁੰਚਣ ਦਾ ਪਤਾ ਲੱਗਾ ਤਾਂ ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਜੱਜ ਕੰਵਰਦੀਪ ਕੌਰ ਵੀਨਾ ਦੇ ਬੱਚਿਆਂ ਨਾਲ ਦਿੱਲੀ ਲਈ ਰਵਾਨਾ ਹੋਈ। ਵੀਨਾ ਦੇ ਬੇਟੇ ਜੱਜ ਕੰਵਰਦੀਪ ਕੌਰ ਦਾ ਧਨਵਾਦ ਕਰਦੇ ਹੋਏ ਕਿਹਾ ਕਿ ਮਾਂ ਨੂੰ ਵਾਪਸ ਲਿਆਉਣ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। 

ਸਮਾਜ ਸੇਵੀ ਅਨਮੋਲ ਕਵਾਤਰਾ ਨੇ ਵੀ ਸੋਸ਼ਲ ਮੀਡੀਆ 'ਤੇ ਵੀਨਾ ਦੀ ਵਤਨ ਵਾਪਸੀ ਅਤੇ ਵਿਦੇਸ਼ ਚੋਂ ਰਿਹਾਈ ਲਈ ਜ਼ੋਰਦਾਰ ਮੁਹਿੰਮ ਚਲਾਈ। ਜਿਸ ਸਦਕਾ ਇਹ ਸੰਭਵ ਹੋ ਪਾਇਆ।ਏਜੰਟ ਮੁਖਤਾਰ ਸਿੰਘ ਜ਼ਰੀਏ ਜੁਲਾਈ 2018 ਵਿਚ ਕੁਵੈਤ ਗਈ ਵੀਨਾ ਨੇ ਸਿਰਫ ਇਕ ਮਹੀਨਾ ਹੀ ਤਨਖਾਹ ਭੇਜੀ ਅਤੇ ਇਕ ਵਾਰ ਹੀ ਗੱਲ ਕੀਤੀ। ਫਿਰ ਨਾ ਪੈਸੇ ਆਏ ਅਤੇ ਨਾ ਗੱਲ ਹੋਈ। ਇਕ ਦਿਨ ਸਿਰਫ 2 ਮਿੰਟ ਗੱਲ ਹੋਈ ਜਿਸ ਤੋਂ ਬਾਅਦ ਪਰਿਵਾਰ ਵਾਲੇ ਫਿਕਰਮੰਦ ਹੋ ਗਏ ਅਤੇ ਬੱਚਿਆਂ ਨੇ ਮਾਂ ਨੂੰ ਮੁੜ ਭਾਰਤ ਲਿਆਉਣ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। 

ਵੀਨਾ ਦੇ ਪਤੀ ਸੁਰਿੰਦਰ ਦੀ ਸਦਮੇ ਨਾਲ 21 ਮਈ 2019 ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਬੱਚਿਆਂ ਨੇ ਮਾਂ ਨੂੰ ਲਿਆਉਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ। ਇਸ ਸਬੰਧੀ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ ਨੇ ਇੰਡੀਅਨ ਅੰਬੈਂਸੀ ਨੂੰ ਪੱਤਰ ਵੀ ਲਿਖਿਆ ਸੀ।