ਵਰਕ ਫਰੋਮ ਹੋਮ: ਟੋਰਾਂਟੋ ਦੇ 64 ਫੀਸਦੀ ਵਰਕਰਜ਼ ਕੰਮ ਵਾਲੀ ਥਾਂ ਉੱਤੇ ਚਾਹੁੰਦੇ ਨੇ ਪਰਤਣਾ

by vikramsehajpal

ਟੋਰਾਂਟੋ (ਦੇਵ ਇੰਦਰਜੀਤ)- ਜੇ ਤੁਸੀਂ ਘਰ ਤੋਂ ਕੰਮ ਕਰ ਰਹੇ ਹੋਂ ਤਾਂ ਕੀ ਤੁਸੀਂ ਹੁਣ ਆਫਿਸ ਪਰਤਣ ਲਈ ਤਿਆਰ ਹੋਂ? ਇਸ ਸਬੰਧ ਵਿੱਚ ਕਰਵਾਏ ਗਏ ਇੱਕ ਤਾਜ਼ਾ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਡਾਊਨਟਾਊਨ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਲੋਕ ਕੰਮ ਉੱਤੇ ਪਰਤਣਾ ਚਾਹੁੰਦੇ ਹਨ ਪਰ ਅਜੇ ਵੀ ਉਨ੍ਹਾਂ ਦੇ ਮਨਾਂ ਵਿੱਚ ਥੋੜ੍ਹੀ ਹਿਚਕਿਚਾਹਟ ਹੈ।

ਟੋਰਾਂਟੋ ਰੀਜਨ ਬੋਰਡ ਆਫ ਟਰੇਡ ਲਈ ਨੈਨੋਜ਼ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 64 ਫੀਸਦੀ ਵਰਕਰਜ਼ ਨੂੰ ਕੰਮ ਉੱਤੇ ਪਰਤਣਾ ਸੇਫ ਲੱਗ ਰਿਹਾ ਹੈ ਹਾਲਾਂਕਿ ਉਨ੍ਹਾਂ ਲਈ ਕੰਮ ਵਾਲਾ ਮਾਹੌਲ ਬਦਲਿਆ ਹੋਵੇਗਾ।ਨੈਨੋਜ਼ ਦੇ ਇਸ ਸਰਵੇਖਣ ਵਿੱਚ 507 ਡਾਊਨਟਾਊਨ ਵਰਕਰਜ਼ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚੋਂ 385 ਲੋਕਾਂ ਨੇ 29 ਜਨਵਰੀ ਤੋਂ 5 ਫਰਵਰੀ ਤੱਕ ਆਫਿਸਿਜ਼ ਵਿੱਚ ਕੰਮ ਕੀਤਾ।

ਸਰਵੇਖਣ ਵਿੱਚ ਪਾਇਆ ਗਿਆ ਕਿ ਕੁੱਝ ਲੋਕਾਂ ਨੂੰ ਅਜੇ ਵੀ ਭੀੜ ਭਾੜ ਨੂੰ ਲੈ ਕੇ ਚਿੰਤਾ ਹੈ। ਕੁੱਝ ਨੇ ਇਹ ਸਵਾਲ ਉਠਾਏ ਕਿ ਜਿਹੜੇ ਲੋਕ ਉੱਚੀਆਂ ਉੱਚੀਆਂ ਬਿਲਡਿੰਗਾਂ ਦੇ ਸਿਖਰਲੇ ਫਲੋਰਜ਼ ਉੱਤੇ ਕੰਮ ਕਰਦੇ ਹਨ ਉਹ ਲਿਫਟ ਵਿੱਚ ਕਿਵੇਂ ਜਾਣਗੇ ਤੇ ਜਾਂ ਫਿਰ ਪੌੜੀਆਂ ਤੋਂ ਚੜ੍ਹਦੇ ਸਮੇਂ ਲੋਕਾਂ ਕੋਲੋਂ ਕਿਵੇਂ ਬਚਕੇ ਲੰਘਣਗੇ।ਇਸ ਸਰਵੇਅ ਵਿੱਚ ਸ਼ਾਮਲ ਹੋਏ 15 ਫੀਸਦੀ ਲੋਕਾਂ ਨੇ ਆਖਿਆ ਕਿ ਕੰਮ ਵਾਲੀ ਥਾਂ ਉੱਤੇ ਪਰਤਣ ਦਾ ਇਰਾਦਾ ਉਨ੍ਹਾਂ ਨੂੰ ਹਾਲ ਦੀ ਘੜੀ ਸਹੀ ਨਹੀਂ ਲੱਗਦਾ।

23 ਫੀਸਦੀ ਲੋਕਾਂ ਨੇ ਇਹ ਆਖਿਆ ਕਿ ਉਨ੍ਹਾਂ ਨੂੰ ਆਫਿਸ ਲਾਈਫ ਵਿੱਚ ਪਰਤਣ ਤੋਂ ਕੋਈ ਡਰ ਨਹੀਂ ਲੱਗ ਰਿਹਾ, 13 ਫੀ ਸਦੀ ਨੇ ਆਖਿਆ ਕਿ ਉਨ੍ਹਾਂ ਨੂੰ ਟਰੈਫਿਕ ਤੋਂ ਕੋਈ ਪਰਹੇਜ਼ ਨਹੀਂ, 12 ਫੀਸਦੀ ਨੇ ਭੀੜ ਭਾੜ ਵਾਲੀ ਥਾਂ ਉੱਤੇ ਜਾਣ ਵਿੱਚ ਕੋਈ ਡਰ ਨਾ ਲੱਗਣ ਦੀ ਗੱਲ ਆਖੀ ਤੇ 11 ਫੀਸਦੀ ਨੇ ਆਵਾਜਾਈ ਵਾਲੀਆਂ ਚੀਜ਼ਾਂ ਨੂੰ ਵੀ ਸੇਫ ਦੱਸਿਆ।ਟੋਰਾਂਟੋ ਦੇ ਕਈ ਆਫਿਸ ਕਰਮਚਾਰੀ ਇਹ ਜਾਨਣਾ ਚਾਹੁੰਦੇ ਸਨ ਕਿ ਉਨ੍ਹਾਂ ਦੇ ਇੰਪਲਾਇਰ ਉਨ੍ਹਾਂ ਨੂੰ ਕੰਮ ਉੱਤੇ ਸੱਦਣਾ ਚਾਹੁੰਦੇ ਹਨ ਜਾਂ ਨਹੀਂ। ਨੈਨੋਜ਼ ਦੇ ਅੰਕੜਿਆਂ ਤੋਂ ਸਾਹਮਣੇ ਆਇਆ ਕਿ 83 ਫੀਸਦੀ ਵਰਕਰ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੌਸ ਉਨ੍ਹਾਂ ਨੂੰ ਕੰਮ ਬਾਰੇ ਅਗਾਉਂ ਜਾਣਕਾਰੀ ਦੇਣ ਜਦਕਿ 5 ਫੀਸਦੀ ਨੇ ਆਖਿਆ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ।