550ਵਾਂ ਪ੍ਰਕਾਸ਼ ਪੁਰਬ -ਪਹਿਲੀ ਦਸੰਬਰ ਤੋਂ ਸੁਲਤਾਨਪੁਰ ਲੋਧੀ ਤੋਂ ਹੋਵੇਗੀ ਵਿਸ਼ਵ ਕੱਪ ਕਬੱਡੀ ਦੀ ਸ਼ੁਰੂਆਤ

by mediateam

ਕਪੂਰਥਲਾ (ਇੰਦਰਜੀਤ ਸਿੰਘ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਪਹਿਲੀ ਦਸੰਬਰ ਤੋਂ 10 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਦੀ ਸ਼ੁਰੂਆਤ ਪਹਿਲੀ ਦਸੰਬਰ ਨੂੰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਤੋਂ ਹੋਵੇਗੀ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਇਸ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਉਨਾਂ ਵੱਖ-ਵੱਖ ਕਮੇਟੀਆਂ ਦਾ ਗਠਨ ਕਰਕੇ ਉਦਘਾਟਨੀ ਸਮਾਰੋਹ ਨੂੰ ਯਾਦਗਾਰੀ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਅਧਿਕਾਰੀਆਂ ਨੂੰ ਜੀਅ-ਜਾਨ ਨਾਲ ਜੁੱਟ ਜਾਣ ਦੀ ਹਦਾਇਤ ਕਰਦਿਆਂ ਸਾਰੇ ਪ੍ਰਬੰਧ ਸਮੇਂ ਸਿਰ ਸੁਚਾਰੂ ਢੰਗ ਨਾਲ ਨੇਪਰੇ ਚਾੜਨੇ ਯਕੀਨੀ ਬਣਾਉਣ ਲਈ ਕਿਹਾ। ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਗਰਾੳੂਂਡ ਦੀ ਤਿਆਰੀ, ਸਟੇਡੀਅਮ ਅਤੇ ਰਸਤਿਆਂ ਦੀ ਸਜਾਵਟ, ਬੈਠਣ ਦੇ ਪ੍ਰਬੰਧਾਂ, ਟ੍ਰੈਫਿਕ, ਸੁਰੱਖਿਆ, ਖਿਡਾਰੀਆਂ ਦੇ ਠਹਿਰਨ, ਰਿਫਰੈਸ਼ਮੈਂਟ, ਆਉਣ-ਜਾਣ, ਪੀਣ ਵਾਲੇ ਪਾਣੀ ਅਤੇ ਹੋਰ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ।

ਉਨਾਂ ਦੱਸਿਆ ਕਿ ਵਿਸ਼ਵ ਕਬੱਡੀ ਕੱਪ ਦਾ ਉਦਘਾਟਨ ਪਹਿਲੀ ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ ਅਤੇ ਇਸ ਦਿਨ ਚਾਰ ਕਬੱਡੀ ਮੈਚ ਖੇਡੇ ਜਾਣਗੇ। ਉਨਾਂ ਦੱਸਿਆ ਕਿ ਇਸ ਟੂਰਨਾਮੈਂਟ ਦਾ ਸਮਾਪਨ ਸਮਾਰੋਹ ਸ਼ਹੀਦ ਭਗਤ ਸਿੰਘ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਹੋਵੇਗਾ, ਜਿਥੇ ਫਾਈਨਲ ਮੈਚ ਤੋਂ ਇਲਾਵਾ ਤੀਜੇ ਅਤੇ ਚੌਥੇ ਸਥਾਨ ਲਈ ਮੈਚ ਹੋਣਗੇ। ਇਸ ਤੋਂ ਇਲਾਵਾ ਅੰਮਿ੍ਰਤਸਰ, ਫ਼ਿਰੋਜ਼ਪੁਰ, ਬਠਿੰਡਾ, ਪਟਿਆਲਾ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੀ ਮੈਚ ਖੇਡੇ ਜਾਣਗੇ। ਉਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿਚ 9 ਟੀਮਾਂ ਹਿੱਸਾ ਲੈਣਗੀਆਂ, ਜਿਨਾਂ ਵਿਚ ਭਾਰਤ, ਅਮਰੀਕਾ, ਆਸਟ੍ਰੇਲੀਆ, ਇੰਗਲੈਂਡ, ਸ੍ਰੀਲੰਕਾ, ਕੀਨੀਆ, ਨਿੳੂਜ਼ੀਲੈਂਡ, ਪਾਕਿਸਤਾਨ ਅਤੇ ਕੈਨੇਡਾ ਸ਼ਾਮਿਲ ਹਨ। ਇਸ ਮੌਕੇ ਉਨਾਂ ਅਧਿਕਾਰੀਆਂ ਨੂੰ ਗਰਾੳੂਂਡ ਦੀ ਤਿਆਰੀ, ਸਟੇਡੀਅਮ ਦੀ ਸਜਾਵਟ, ਬੈਠਣ ਦੇ ਪ੍ਰਬੰਧਾਂ, ਟ੍ਰੈਫਿਕ, ਪਾਰਕਿੰਗ, ਸੁਰੱਖਿਆ, ਖਿਡਾਰੀਆਂ ਦੀ ਰਿਹਾਇਸ਼, ਰਿਫਰੈਸ਼ਮੈਂਟ ਅਤੇ ਆਉਣ-ਜਾਣ ਅਤੇ ਹੋਰ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਸ੍ਰੀ ਲਤੀਫ ਅਹਿਮਦ ਅਤੇ ਸ. ਰਣਦੀਪ ਸਿੰਘ ਹੀਰ, ਸਹਾਇਕ ਕਮਿਸ਼ਨਰ ਸ੍ਰੀਮਤੀ ਨਵਨੀਤ ਕੌਰ ਬੱਲ, ਡੀ. ਐਸ. ਪੀ ਸ੍ਰੀ ਸਤਨਾਮ ਸਿੰਘ, ਤਹਿਸੀਲਦਾਰ ਸੁਲਤਾਨਪੁਰ ਲੋਧੀ ਸ੍ਰੀਮਤੀ ਸੀਮਾ ਸਿੰਘ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਜ਼ਿਲਾ ਖੇਡ ਅਫ਼ਸਰ ਸ੍ਰੀ ਪਰਦੀਪ ਕੁਮਾਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ੍ਰੀ ਪ੍ਰੀਤ ਕੋਹਲੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਹਾਜ਼ਰ ਸਨ।