ਯੋ ਯੋ ਹਨੀ ਸਿੰਘ ਘਰੇਲੂ ਹਿੰਸਾ ਦੇ ਮਾਮਲੇ ਨੂੰ ਲੈ ’ਚ ਕੋਰਟ ‘ਚ ਪੇਸ਼

by vikramsehajpal

ਮੁੰਬਈ (ਦੇਵ ਇੰਦਰਜੀਤ) : ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਰੈਪਰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਉਨ੍ਹਾਂ ’ਤੇ ਘਰੇਲੂ ਹਿੰਸਾ, ਮਾਨਸਿਕ ਸ਼ੋਸ਼ਣ ਤੇ ਆਰਥਿਕ ਸ਼ੋਸ਼ਣ ਦੇ ਦੋਸ਼ ਲਗਾਏ ਹਨ। ਇਸ ਮਾਮਲੇ ’ਚ ਉਹ ਅੱਜ ਤੀਸ ਹਜ਼ਾਰੀ ਕੋਰਟ ’ਚ ਪੇਸ਼ ਹੋਏ। ਇਸ ਦੌਰਾਨ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਘੇਰ ਕੇ ਰੱਖਿਆ ਸੀ, ਜਦਕਿ ਪਿਛਲੀ ਸੁਣਵਾਈ ’ਚ ਕੋਰਟ ਨੇ ਸੰਮਨ ਜਾਰੀ ਕਰਕੇ ਹਨੀ ਸਿੰਘ ਨੂੰ ਪੇਸ਼ ਹੋਣ ਲਈ ਕਿਹਾ ਸੀ।

ਕੋਰਟ ਦੇ ਹੁਕਮ ਦੇ ਬਾਵਜੂਦ ਹਨੀ ਸਿੰਘ ਪੇਸ਼ ਨਹੀਂ ਹੋਏ ਸਨ। ਇਸ ’ਤੇ ਕੋਰਟ ਨੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਹੈਰਾਨਗੀ ਹੈ, ਕੋਰਟ ਦੇ ਹੁਕਮ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਦੋਸ਼ੀ ਨੂੰ ਸੋਚਣਾ ਚਾਹੀਦਾ ਹੈ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ। ਦੱਸ ਦੇਈਏ ਕਿ ਮਸ਼ਹੂਰ ਗਾਇਕ ਤੇ ਰੈਪਰ ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ‘ਦਿ ਪ੍ਰੋਟੈਕਸ਼ਨ ਆਫ ਵੁਮੈਨ ਫਰਾਮ ਡੋਮੈਸਟਿਕ ਵਾਇਲੈਂਸ ਐਕਟ’ ਤਹਿਤ ਦਿੱਲੀ ਦੀ ਤੀਸ ਹਜ਼ਾਰੀ ਕੋਰਟ ’ਚ ਗਾਇਕ ਖ਼ਿਲਾਫ਼ ਘਰੇਲੂ ਹਿੰਸਾ ਦੀ ਪਟੀਸ਼ਨ ਦਰਜ ਕਰਵਾਈ ਹੈ।

ਸ਼ਾਲਿਨੀ ਦਾ ਦੋਸ਼ ਹੈ ਕਿ ਹਨੀ ਸਿੰਘ, ਉਸ ਦੇ ਮਾਤਾ-ਪਿਤਾ ਤੇ ਛੋਟੀ ਭੈਣ ਨੇ ਉਸ ਦਾ ਸ਼ੋਸ਼ਣ ਕੀਤਾ ਹੈ। 160 ਸਫਿਆਂ ਦੀ ਪਟੀਸ਼ਨ ’ਚ ਸ਼ਾਲਿਨੀ ਨੇ 10 ਸਾਲ ਪੁਰਾਣੇ ਹਨੀਮੂਨ ਦਾ ਇਕ ਅਜਿਹਾ ਰਾਜ਼ ਖੋਲ੍ਹਿਆ ਹੈ, ਜਿਸ ਨੂੰ ਅੱਜ ਤਕ ਕੋਈ ਨਹੀਂ ਜਾਣਦਾ ਸੀ।

ਸ਼ਾਲਿਨੀ ਦਾ ਦੋਸ਼ ਹੈ ਕਿ ਹਨੀਮੂਨ ਦੌਰਾਨ ਹੀ ਹਨੀ ਸਿੰਘ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਇਲਾਵਾ ਸ਼ਾਲਿਨੀ ਨੇ ਕੋਰਟ ’ਚ ਦਿੱਤੀ ਗਈ ਆਪਣੀ ਪਟੀਸ਼ਨ ’ਚ ਦੱਸਿਆ ਕਿ ਦੋਵੇਂ ਇਕੱਠੇ ਸਕੂਲ ’ਚ ਪੜ੍ਹਦੇ ਸਨ, ਜਿਥੇ ਦੋਵਾਂ ਦਾ ਅਫੇਅਰ ਸ਼ੁਰੂ ਹੋਇਆ।

ਲਗਭਗ 10 ਸਾਲ ਦੇ ਪਿਆਰ ਤੋਂ ਬਾਅਦ 14 ਮਾਰਚ, 2010 ਨੂੰ ਦੋਵਾਂ ਦੇ ਘਰ ਵਾਲਿਆਂ ਦੀ ਮਰਜ਼ੀ ਨਾਲ ਦੋਵਾਂ ਦੀ ਮੰਗਣੀ ਹੋਈ ਤੇ ਫਿਰ 23 ਜਨਵਰੀ 2011 ’ਚ ਦੋਵਾਂ ਨੇ ਪਰਿਵਾਰ ਵਾਲਿਆਂ ਦੀ ਮੌਜੂਦਗੀ ’ਚ ਸਰੋਜਨੀ ਨਗਰ ਦੇ ਗੁਰਦੁਆਰਾ ਸਾਹਿਬ ’ਚ ਵਿਆਹ ਕਰਵਾ ਲਿਆ।