ਜ਼ਮਾਨਤ ’ਤੇ ਆਏ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ, ਹਮਲਾਵਰ ਫਰਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੌਰ ਵਿਖੇ ਕੁਝ ਦਿਨ ਪਹਿਲਾਂ ਜ਼ਮਾਨਤ ’ਤੇ ਆਏ ਸ਼ਿਵਾ ’ਤੇ ਬੀਤੇ ਦਿਨ ਕਾਰ ਸਵਾਰ ਹਮਲਾਵਰਾਂ ਨੇ ਪਿਸਤੌਲ ਤਾਣ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮੁਹੱਲਾ ਮਿੱਠਾ ਖੂਹ ਦੇ ਰਹਿਣ ਵਾਲੇ ਸ਼ਿਵਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਹ ਜ਼ਮਾਨਤ ’ਤੇ ਜੇਲੋਂ ਬਾਹਰ ਆਇਆ ਹੈ। ਜਦੋਂ ਉਹ ਜੇਲ੍ਹ 'ਚ ਬੰਦ ਸੀ ਤਾਂ ਵਿਜੇ ਅਤੇ ਕਰਨ ਆਪਣੇ ਸਾਥੀਆਂ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਬਾਕਾਇਦਾ ਉਸ ਦੇ ਘਰ ਆਏ ਅਤੇ ਉਸ ਦੀ ਮਾਤਾ ਨੂੰ ਸ਼ਿਵਾ ਨੂੰ ਜੇਲ ਤੋਂ ਬਾਹਰ ਆਉਂਦੇ ਹੀ ਜਾਨੋਂ ਮਾਰਨ ਦੀ ਧਮਕੀ ਦੇ ਕੇ ਗਏ ਸਨ।

ਉ ਸ ਨੇ ਦੱਸਿਆ ਕਿ ਜਦੋ ਉਹ ਘਰੋਂ ਦੁੱਧ ਲੈਣ ਲਈ ਜਿਉਂ ਹੀ ਬਾਹਰ ਨਿਕਲਿਆ ਤਾਂ ਇਕ ਸਫੇਦ ਰੰਗ ਦੀ ਕਾਰ ਉਸ ਕੋਲ ਆ ਕੇ ਰੁਕੀ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦਾ, ਉਸੇ ਸਮੇਂ ਕਰਨ ਅਤੇ ਵਿਜੇ ਕਾਰ ’ਚੋਂ ਬਾਹਰ ਨਿਕਲੇ, ਜਿਨ੍ਹਾਂ ਦੇ ਹੱਥਾਂ ਵਿਚ ਰਿਵਾਲਵਰ ਫੜੇ ਹੋਏ ਸਨ, ਉਸ ’ਤੇ ਤਾਣ ਦਿੱਤੇ। ਇਸ ਦੌਰਾਨ ਕਾਰ ਵਿਚ ਬੈਠੇ ਉਨ੍ਹਾਂ ਦੇ ਸਾਥੀ ਵੀ ਬਾਹਰ ਆ ਗਏ ਅਤੇ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਹਮਲਾ ਕਰ ਦਿੱਤਾ।

ਰੌਲੇ ਦੀਆਂ ਅਵਾਜ਼ਾਂ ਸੁਣ ਕੇ ਮੁਹੱਲਾ ਨਿਵਾਸੀ ਅਤੇ ਉਸ ਦੀ ਮਾਤਾ ਵੀ ਘਰੋਂ ਬਾਹਰ ਆ ਗਈ। ਉਸ ਦੀ ਮਾਤਾ ਬਚਾਅ ਕਰਦੇ ਹੋਏ ਹਮਲਾਵਰਾਂ ਨਾਲ ਭਿੜ ਗਈ ਤਾਂ ਹਮਲਾਵਰ ਦੇ ਹੱਥੋਂ ਰਿਵਾਲਵਰ ਥੱਲੇ ਡਿੱਗ ਗਿਆ ਅਤੇ ਇਕ ਹਮਲਾਵਰ ਦਾ ਪਰਸ ਵੀ ਉਥੇ ਹੀ ਡਿੱਗ ਪਿਆ, ਜਿਸ ਵਿਚ ਉਸ ਦੇ ਸ਼ਨਾਖਤੀ ਕਾਰਡ ਪਏ ਸਨ। ਹਮਲਾਵਰ ਰਿਵਾਲਵਰ ਚੁੱਕ ਕੇ ਕਾਰ ’ਚ ਬੈਠ ਕੇ ਫਰਾਰ ਹੋ ਗਏ। ਮੌਕੇ ਤੇ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿਤੀ ਗਈ।