ਕੁੜੀਆਂ ਦੇ ਸਕੂਲ ‘ਚ ਨੌਜਵਾਨ ਨੇ ਨਿਗਲਿਆ ਜ਼ਹਿਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਗਵਾੜਾ ਦੇ ਗਊਸ਼ਾਲਾ ਬਾਜ਼ਾਰ 'ਚ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਇੱਥੇ ਮੌਜੂਦ ਲੜਕੀਆਂ ਦੇ ਨਿੱਜੀ ਸਕੂਲ 'ਚ ਵੜ ਕੇ ਇਕ ਨੌਜਵਾਨ ਨੇ ਦਿਨ-ਦਿਹਾੜੇ ਸਭ ਦੇ ਸਾਹਮਣੇ ਜ਼ਹਿਰ ਨਿਗਲ ਲਈ। ਨੌਜਵਾਨ ਲੜਕੇ ਨੇ ਇਸ ਤਰ੍ਹਾਂ ਲੜਕੀਆਂ ਦੇ ਸਕੂਲ 'ਚ ਵੜ ਕੇ ਜ਼ਹਿਰ ਕਿਉਂ ਨਿਗਲੀ, ਇਹ ਮਾਮਲਾ ਭੇਤ ਭਰਿਆ ਬਣਿਆ ਹੋਇਆ ਹੈ।

ਸਕੂਲ ਦੀ ਇੰਚਾਰਜ ਮਮਤਾ ਪੁੰਜ ਨੇ ਦੱਸਿਆ ਕਿ ਜਦੋਂ ਬੱਚਿਆਂ ਦਾ ਪੇਪਰ ਸ਼ੁਰੂ ਹੋਣ ਲੱਗਾ ਤਾਂ ਉਸ ਸਮੇਂ ਇਕ ਨੌਜਵਾਨ ਸਕੂਲ 'ਚ ਦਾਖਲ ਹੋਇਆ ਤੇ ਦੇਖਦੇ ਹੀ ਦੇਖਦੇ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਤੋਂ ਬਾਅਦ ਸਕੂਲ ਦੇ ਚੌਕੀਦਾਰ ਵੱਲੋਂ ਨੌਜਵਾਨ ਦੇ ਮੂੰਹ 'ਚੋਂ ਗੋਲੀ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਕਤ ਲੜਕਾ ਬੇਹੋਸ਼ ਹੋ ਗਿਆ।

ਐੱਸ.ਐੱਚ.ਓ. ਅਮਨਦੀਪ ਨਾਹਰ ਨੇ ਦੱਸਿਆ ਕਿ ਜ਼ਹਿਰੀਲਾ ਪਦਾਰਥ ਨਿਗਲਣ ਵਾਲੇ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਭੁਲੱਥ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਲੜਕੇ ਨੇ ਜ਼ਹਿਰੀਲਾ ਪਦਾਰਥ ਕਿਉਂ ਨਿਗਲਿਆ, ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ।