ਜਲੰਧਰ ‘ਚ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ, ਪਰਿਵਾਰ ਨੇ ਦਿੱਤੀ ਚਿਤਾਵਨੀ

by nripost

ਜਲੰਧਰ (ਰਾਘਵ):17 ਮਾਰਚ ਨੂੰ ਪਰਾਗਪੁਰ ਦੀ ਪੁਲਸ ਚੌਂਕੀ ਅਧੀਨ ਪੈਂਦੇ ਇਕ ਅਹਾਤੇ ’ਤੇ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖ਼ਮੀ ਕੀਤੇ ਹਰਕਰਨ ਪੁੱਤਰ ਕੁਲਵੀਰ ਨਿਵਾਸੀ ਪਿੰਡ ਹਰੀਪੁਰ, ਥਾਣਾ ਆਦਮਪੁਰ, ਜ਼ਿਲ੍ਹਾ ਜਲੰਧਰ ਨਾਂ ਦੇ ਨੌਜਵਾਨ ਦੀ ਇਲਾਜ ਦੌਰਾਨ ਐਤਵਾਰ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿਖੇ ਮੌਤ ਹੋ ਗਈ। ਜਿਸ ਤੋਂ ਬਾਅਦ ਭੜਕੇ ਪਰਿਵਾਰਕ ਮੈਂਬਰਾਂ ਨੇ ਐਤਵਾਰ ਦੁਪਹਿਰੇ ਰਾਮਾ ਮੰਡੀ-ਹੁਸ਼ਿਆਰਪੁਰ ਰੋਡ ’ਤੇ ਸਥਿਤ ਢਿੱਲਵਾਂ ਚੌਂਕ ਵਿਚ ਪਰਾਗਪੁਰ ਚੌਂਕੀ ਦੀ ਪੁਲਸ ਖ਼ਿਲਾਫ਼ ਧਰਨਾ ਲਾ ਕੇ ਟ੍ਰੈਫਿਕ ਜਾਮ ਕਰ ਦਿੱਤਾ।

ਉਨ੍ਹਾਂ ਦੋਸ਼ ਲਾਇਆ ਕਿ ਹਰਕਰਨ ’ਤੇ ਕੀਤੇ ਗਏ ਜਾਨਲੇਵਾ ਹਮਲੇ ਦੇ ਮਾਮਲੇ ਵਿਚ ਪਰਾਗਪੁਰ ਚੌਂਕੀ ਦੀ ਪੁਲਸ ਵੱਲੋਂ ਮੁੱਖ ਮੁਲਜ਼ਮ ਸਿਮਰਨ ਸਮੇਤ ਹੋਰ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ ਸੀ। ਹਮਲੇ ਦੇ 20 ਦਿਨਾਂ ਬਾਅਦ ਵੀ ਪਰਾਗਪੁਰ ਪੁਲਸ ਨੇ ਕੁਝ ਨਹੀਂ ਕੀਤਾ, ਜਦਕਿ ਹਰਕਰਨ ਦੀ ਹਾਲਤ ਹਸਪਤਾਲ ਵਿਚ ਲਗਾਤਾਰ ਵਿਗੜਦੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਜਦੋਂ ਉਹ ਇਨਸਾਫ਼ ਲੈਣ ਲਈ ਪਰਾਗਪੁਰ ਚੌਂਕੀ ਵਿਚ ਜਾਂਦੇ ਸਨ ਤਾਂ ਉਨ੍ਹਾਂ ਨਾਲ ਚੌਂਕੀ ਇੰਚਾਰਜ ਮਦਨ ਸਿੰਘ ਦਾ ਰਵੱਈਆ ਸਹੀ ਨਹੀਂ ਹੁੰਦਾ ਸੀ। ਹਰਕਰਨ ਦੇ ਪਿਤਾ ਕੁਲਵੀਰ ਸਿੰਘ ਨੇ ਕਿਹਾ ਕਿ ਚੌਂਕੀ ਇੰਚਾਰਜ ਨੇ ਉਨ੍ਹਾਂ ਨੂੰ ਇਨਸਾਫ਼ ਤਾਂ ਕੀ ਦੇਣਾ ਸੀ, ਉਲਟਾ ਉਨ੍ਹਾਂ ਦੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਢਿੱਲਵਾਂ ਚੌਂਕ ਵਿਚ ਹਰਕਰਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਾਏ ਗਏ ਧਰਨੇ ਦੀ ਸੂਚਨਾ ਮਿਲਦੇ ਹੀ ਏ. ਡੀ. ਸੀ. ਪੀ. ਹੈੱਡਕੁਆਰਟਰ ਸੁਖਵਿੰਦਰ ਸਿੰਘ, ਏ. ਸੀ. ਪੀ. ਜਲੰਧਰ ਕੈਂਟ ਬਬਨਦੀਪ ਸਿੰਘ ਲੁਬਾਣਾ ਅਤੇ ਜਲੰਧਰ ਕੈਂਟ ਦੇ ਥਾਣਾ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਗੌਰੀ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪਹੁੰਚੇ। ਉਨ੍ਹਾਂ ਮ੍ਰਿਤਕ ਹਰਕਰਨ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਪੁਲਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਵੀ ਪਰਾਗਪੁਰ ਪੁਲਸ ਚੌਕੀ ਦੇ ਇੰਚਾਰਜ ਮਦਨ ਸਿੰਘ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਏ. ਡੀ. ਸੀ. ਪੀ. ਸੁਖਵਿੰਦਰ ਸਿੰਘ ਭਰੋਸਾ ਦਿੱਤਾ ਕਿ ਹਰਕਰਨ ਦੀ ਮੌਤ ਲਈ ਜ਼ਿੰਮੇਵਾਰ ਸਾਰੇ ਮੁਲਜ਼ਮ ਸਿਮਰਨ ਹਰੀਪੁਰ, ਮਨਜੀਤ ਸਿੰਘ ਘੋੜੀ ਪਤਾਰਾ, ਗੱਗੀ ਬੋਲੀਨਾ, ਗੁਰਕਰਨਜੀਤ ਸਿੰਘ ਡਰੋਲੀ ਖੁਰਦ, ਗੁਰਜੰਟ ਸਿੰਘ ਲੋਪੋਕੇ, ਮੁੱਖ ਮੁਲਜ਼ਮ ਸਿਮਰਨ ਦਾ ਜੀਜਾ ਮਾੜੂ ਚੂਹੜਵਾਲੀ, ਹਮਰਾਜ ਕਡਿਆਣਾ ਸਮੇਤ ਹੋਰ ਮੁਲਜ਼ਮ ਬੁੱਧਵਾਰ ਤਕ ਗ੍ਰਿਫ਼ਤਾਰ ਕਰ ਲਏ ਜਾਣਗੇ। ਇੰਸ. ਰਵਿੰਦਰ ਕੁਮਾਰ ਗੌਰੀ ਨੇ ਦੱਸਿਆ ਕਿ 2 ਮੁਲਜ਼ਮ ਤੇਜੀ ਹਰੀਪੁਰ ਅਤੇ ਸੰਨੀ ਬਾਕਸਰ ਨੂੰ ਪੁਲਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਹਰਕਰਨ ਦੇ ਪਿਤਾ ਨੇ ਕਿਹਾ ਕਿ ਹੁਣ ਤਾਂ ਉਹ ਧਰਨਾ ਖਤਮ ਕਰ ਰਹੇ ਹਨ ਪਰ ਉਹ ਉਦੋਂ ਤਕ ਹਰਕਰਨ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ, ਜਦੋਂ ਤਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ। ਉਨ੍ਹਾਂ ਕਿਹਾ ਕਿ ਬੁੱਧਵਾਰ ਤੋਂ ਬਾਅਦ ਉਹ ਵੱਡਾ ਧਰਨਾ-ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਹਰਕਰਨ ਦੇ ਪਿਤਾ ਕੁਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੇ ਕਤਲ ਦੇ ਮਾਮਲੇ ਦਾ ਮੁੱਖ ਮੁਲਜ਼ਮ ਸਿਮਰਨ ਲੱਗਭਗ ਪੰਜ ਸਾਲ ਪਹਿਲਾਂ ਆਦਮਪੁਰ ਵਿਚ ਇਕ ਸੈਲੂਨ ਵਿਚ ਕਤਲ ਕੀਤੇ ਗਏ ਨੌਜਵਾਨ ਦੇ ਮਾਮਲੇ ਵਿਚ ਵੀ ਭਗੌੜਾ ਚੱਲ ਰਿਹਾ ਹੈ। ਇਸ ਮਾਮਲੇ ਦਾ ਵੀ ਉਹ ਮੁੱਖ ਮੁਲਜ਼ਮ ਸੀ। ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਘਰ ’ਤੇ ਵੀ ਹਮਲਾ ਕੀਤਾ ਸੀ ਪਰ ਉਸ ਸਮੇਂ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਪਰਾਗਪੁਰ ਚੌਕੀ ਅਧੀਨ ਪੈਂਦੇ ਇਲਾਕੇ ਵਿਚ ਸਿਮਰਨ ਨੇ ਸਾਥੀਆਂ ਨੂੰ ਲੈ ਕੇ ਹਰਕਰਨ ਨੂੰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਹੀ ਉਸ ’ਤੇ ਹਮਲਾ ਕੀਤਾ ਸੀ।