ਅੰਮ੍ਰਿਤਸਰ (ਪਾਇਲ): ਦੱਸ ਦਇਏ ਕਿ ਸ੍ਰੀ ਦਰਬਾਰ ਸਾਹਿਬ ਨੇੜੇ ਢੋਲੀ ਮੁਹੱਲਾ ਸਥਿਤ ਹੋਟਲ ਰਾਇਲ ਇਨ 'ਤੇ ਬੀਤੀ ਰਾਤ ਇਕ ਨੌਜਵਾਨ 'ਤੇ ਹਮਲਾ ਕਰਨ ਅਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਨਾਂ ਦੇ ਨੌਜਵਾਨ ਨੇ ਦੋ-ਤਿੰਨ ਸਾਲ ਪਹਿਲਾਂ ਉਕਤ ਹੋਟਲ ਰਾਇਲ ਇਨ ਕਿਰਾਏ 'ਤੇ ਲਿਆ ਸੀ। ਬੀਤੀ ਦੇਰ ਰਾਤ ਕੁਝ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਹੋਟਲ 'ਚ ਦਾਖਲ ਹੋ ਕੇ ਹੇਠਾਂ ਕਾਊਂਟਰ 'ਤੇ ਬੈਠੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਜਿਸ ਸੰਬੰਧ 'ਚ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਮੁਲਜ਼ਮਾਂ ਨੇ ਇੱਕ ਗੋਲੀ ਵੀ ਚਲਾਈ, ਜੋ ਹੋਟਲ ਦੇ ਸ਼ੀਸ਼ੇ ਵਿੱਚ ਜਾ ਵੱਜੀ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ। ਇਸ ਦੌਰਾਨ ਹਮਲਾਵਰਾਂ ਨੇ ਕਾਫੀ ਭੰਨਤੋੜ ਕੀਤੀ ਅਤੇ ਇੱਟਾਂ-ਪੱਥਰ ਵੀ ਸੁੱਟੇ। ਉਨ੍ਹਾਂ ਦੱਸਿਆ ਕਿ ਹੋਟਲ ਵਿੱਚੋਂ ਫੁਟੇਜ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।



