ਜ਼ੀਰਕਪੁਰ ਹਾਦਸਾ: ਵਿਆਹ ਦੌਰਾਨ ਮੈਰਿਜ ਪੈਲੇਸ ‘ਚ ਲੱਗੀ ਅੱਗ

by nripost

ਜ਼ੀਰਕਪੁਰ (ਨੇਹਾ): ਇੱਥੇ ਪੰਚਕੂਲਾ ਹੱਦ ਨੇੜੇ ਇਕ ਮੈਰਿਜ ਪੈਲੇਸ ਵਿੱਚ ਲੰਘੀ ਦੇਰ ਰਾਤ ਵਿਆਹ ਸਮਾਗਮ ਦੌਰਾਨ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਅੱਗ ਐਨੀ ਭਿਆਨਕ ਸੀ ਕਿ ਮੌਕੇ ’ਤੇ ਭਾਜੜਾਂ ਪੈ ਗਈਆਂ। ਵਿਆਹ ਵਿਚ ਆਏ ਲੋਕਾਂ ਨੇ ਪੈਲੇਸ ਤੋਂ ਬਾਹਰ ਭੱਜ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਦੀ ਦਰਜਨ ਦੇ ਕਰੀਬ ਗੱਡੀਆਂ ਨੇ ਘੰਟਿਆਂਬੱਧੀ ਮਿਹਨਤ ਮਗਰੋਂ ਅੱਗ ’ਤੇ ਕਾਬੂ ਪਾਇਆ। ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਕੱਤਰ ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ ਗਿਆਰਾਂ ਵਜੇ ਦੇ ਕਰੀਬ ਔਰਾ ਗਾਰਡਨ ਮੈਰਿਜ ਪੈਲੇਸ ਵਿੱਚ ਇੱਕ ਡਾਕਟਰ ਜੋੜੇ ਦਾ ਵਿਆਹ ਸਮਾਗਮ ਹੋ ਰਿਹਾ ਸੀ। ਇਸ ਦੌਰਾਨ ਰਸੋਈ ਵਿੱਚੋ ਅਚਾਨਕ ਧੂਆਂ ਉੱਠਦਾ ਦਿਖਾਈ ਦਿੱਤਾ। ਹੋਟਲ ਸਟਾਫ਼ ਵੱਲੋਂ ਆਪਣੇ ਪੱਧਰ ’ਤੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦ ਅੱਗ ਕਾਬੂ ਨਹੀਂ ਆਈ ਤਾਂ ਉਨ੍ਹਾਂ ਨੇ ਸਮਝਦਾਰੀ ਕਰਦੇ ਹੋਏ ਮਹਿਮਾਨਾਂ ਨੂੰ ਸੁਰੱਖਿਅਤ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ।

ਵਿਆਹੇ ਜੋੜੇ ਨੂੰ ਸੁਰੱਖਿਅਤ ਗੱਡੀ ਵਿਚ ਘਰ ਭੇਜ ਦਿੱਤਾ ਗਿਆ ਜਿਸ ਮਗਰੋਂ ਬੱਚਿਆਂ ਬਜ਼ੁਰਗਾਂ ਅਤੇ ਔਰਤਾਂ ਨੂੰ ਕੱਢਿਆ ਗਿਆ। ਅੱਗ ਐਨੀ ਭਿਆਨਕ ਸੀ ਕਿ ਉਸ ਨੇ ਸਾਰੇ ਪੈਲੇਸ ਨੂੰ ਆਪਣੀ ਲਪੇਟ ਵਿੱਚ ਲੈਣ ਮਗਰੋਂ ਨੇੜਲੇ ਪੈਲੇਸ ਸੇਖੋਂ ਬੈਂਕੁਏਟ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਜ਼ੀਰਕਪੁਰ, ਡੇਰਾਬੱਸੀ ਅਤੇ ਪੰਚਕੂਲਾ ਤੋਂ ਆਈ ਦਰਜਨ ਦੇ ਕਰੀਬ ਗੱਡੀਆਂ ਨੇ ਘੰਟਿਆਂਬੱਧੀ ਮਿਹਨਤ ਕਰਕੇ ਅੱਗ ’ਤੇ ਕਾਬੂ ਪਾਇਆ।

ਮੌਕੇ ’ਤੇ ਪਹੁੰਚੇ ਏਐਸਪੀ ਜ਼ੀਰਕਪੁਰ ਗਜਲਪ੍ਰੀਤ ਕੌਰ ਨੇ ਦੱਸਿਆ ਕਿ ਅੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅੱਗ ਰਸੋਈ ਤੋਂ ਸ਼ੁਰੂ ਹੋਈ ਜਿਸ ਨੇ ਪੂਰੇ ਪੈਲੇਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕੁਝ ਮਹਿਮਾਨਾਂ ਨੇ ਦੱਸਿਆ ਕਿ ਅੱਗ ਨੇੜੇ ਇਕ ਵਿਆਹ ਸਮਾਗਮ ਦੌਰਾਨ ਚਲਾਈ ਜਾ ਰਹੀ ਆਤਿਸ਼ਬਾਜ਼ੀ ਕਾਰਨ ਲੱਗੀ ਹੈ।

More News

NRI Post
..
NRI Post
..
NRI Post
..