101 ਬੋਰੀ ਭੁੱਕੀ, ਇਕ ਟਰੱਕ ਤੇ ਦੋ ਸਕਾਰਪੀਓ ਸਮੇਤ ਦੋ ਭਗੌੜਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

by mediateam

ਜਗਰਾਓਂ : ਫਰੀਦਕੋਟ ਜੇਲ੍ਹ 'ਚ ਬੈਠ ਕੇ ਨਸ਼ਾ ਤਸਕਰਾਂ ਵੱਲੋਂ ਭੁੱਕੀ ਤਸਕਰੀ ਦੇ ਚਲਾਏ ਜਾ ਰਹੇ ਵੱਡੇ ਕਾਰੋਬਾਰ ਦਾ ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਵੱਡੇ ਮਾਮਲੇ 'ਚ 101 ਬੋਰੀ ਭੁੱਕੀ, ਇਕ ਟਰੱਕ ਤੇ ਦੋ ਸਕਾਰਪੀਓ ਸਮੇਤ ਦੋ ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ। ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਸੀਆਈਏ ਸਟਾਫ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫਰੀਦਕੋਟ ਜੇਲ 'ਚ ਬੰਦ ਮੋਗਾ ਜ਼ਿਲ੍ਹੇ ਦੇ ਪਿੰਡ ਦੋਲੇਵਾਲ ਦੇ ਤਸਕਰ ਭਰਾ ਪਿੱਪਲ ਸਿੰਘ ਤੇ ਨਿਸ਼ਾਨ ਸਿੰਘ ਜੇਲ 'ਚੋਂ ਭੁੱਕੀ ਤਸਕਰੀ ਦਾ ਵੱਡਾ ਕਾਰੋਬਾਰ ਚਲਾ ਰਹੇ ਹਨ। ਐੱਸਪੀ ਰੁਪਿੰਦਰ ਭਾਰਦਵਾਜ ਦੀ ਨਿਗਰਾਨੀ 'ਚ ਡੀਐੱਸਪੀ ਦਿਲਬਾਗ ਸਿੰਘ, ਸੀਆਈਏ ਇੰਚਾਰਜ ਇੰਸਪੈਕਟਰ ਇਕਬਾਲ ਹੂਸੈਨ ਅਤੇ ਏਐੱਸਆਈ ਜਨਕਰਾਜ ਦੀ ਅਗਵਾਈ ਵਿੱਚ ਪੁਲਿਸ ਫੋਰਸ ਨੇ ਪਿੰਡ ਚਕਰ ਤੋਂ ਰਾਮਾ ਰੋਡ ਪੁਲ ਸੂਆ 'ਤੇ ਨਾਕੇਬੰਦੀ ਕੀਤੀ। 

ਇਸੇ ਦੌਰਾਨ ਰਾਮਾ ਸਾਈਡ ਤੋਂ ਆ ਰਹੀਆਂ ਦੋ ਸਕਾਰਪੀਓ ਗੱਡੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋ ਵਿਅਕਤੀ ਗੱਡੀ 'ਚੋਂ ਛਾਲ ਮਾਰ ਕੇ ਭੱਜ ਗਏ ਜਦਕਿ ਪੁਲਿਸ ਪਾਰਟੀ ਨੇ ਘੇਰਾ ਪਾ ਕੇ ਦੋਵਾਂ ਗੱਡੀਆਂ ਨੂੰ ਰੋਕ ਕੇ ਡਰਾਈਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗੱਡੀਆਂ ਦੀ ਤਲਾਸ਼ੀ ਲੈਣ 'ਤੇ ਇਨ੍ਹਾਂ ਗੱਡੀਆਂ 'ਚ 20-20 ਬੋਰੀਆਂ ਭੁੱਕੀ ਦੀਆਂ ਬਰਾਮਦ ਹੋਈਆਂ। ਗ੍ਰਿਫ਼ਤਾਰ ਕੀਤੇ ਗੁਰਪਰਮਜੀਤ ਸਿੰਘ ਉਰਫ ਪੰਮਾ ਵਾਸੀ ਸਿੱਧਵਾਂ ਖੁਰਦ ਤੇ ਗੁਰਦੀਪ ਸਿੰਘ ਉਰਫ ਦੀਪੂ ਉਰਫ ਬੱਕਰੀ ਵਾਸੀ ਸਵੱਦੀ ਖੁਰਦ ਦੀ ਪੁੱਛਗਿਛ ਤੋਂ ਬਾਅਦ ਇਨ੍ਹਾਂ ਵੱਲੋਂ ਜਿਸ ਟਰੱਕ ਵਿੱਚ ਭੁੱਕੀ ਲਿਆਂਦੀ ਸੀ, ਉਹ ਟਰੱਕ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੋਹਾਨ ਕੇ ਦੇ ਇਕ ਪੈਟਰੋਲ ਪੰਪ ਤੋਂ ਬਰਾਮਦ ਕੀਤਾ ਤੇ ਪਿੰਡ ਛੀਨੀਵਾਲ ਵਿਖੇ ਇਕ ਬੇਆਬਾਦ ਥਾਂ 'ਤੇ ਬਣੇ ਕਮਰੇ ਵਿੱਚ ਰੱਖੀਆਂ 60 ਹੋਰ ਭੁੱਕੀ ਦੀਆਂ ਬੋਰੀਆਂ ਬਰਾਮਦ ਕੀਤੀਆਂ।ਜਗਰਾਓਂ ਪੁਲਿਸ ਵੱਲੋਂ ਭੁੱਕੀ ਤਸਕਰ ਕਈ ਵਾਰ ਭੁੱਕੀ ਸਮੇਤ ਫੜੇ ਗਏ ਤੇ ਉਹ ਸਜ਼ਾ ਹੋਣ 'ਤੇ ਪੈਰੋਲ ਮਿਲਦਿਆਂ ਹੀ ਫਿਰ ਨਸ਼ਾ ਤਸਕਰੀ 'ਚ ਲੱਗ ਜਾਦੇ। 

ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸੀਆਈਏ ਸਟਾਫ ਦੀ ਪੁਲਿਸ ਵੱਲੋਂ 101 ਬੋਰੀਆਂ ਭੁੱਕੀ ਨਾਲ ਗਿ੍ਫ਼ਤਾਰ ਕੀਤੇ ਗੁਰਪਰਮਜੀਤ ਸਿੰਘ ਉਰਫ ਪੰਮਾ ਖਿਲਾਫ 27 ਅਪ੍ਰੈਲ 2007 ਵਿੱਚ ਥਾਣਾ ਸਦਰ ਪਟਿਆਲਾ ਵਿਖੇ 51 ਬੋਰੀ ਭੁੱਕੀ ਬਰਾਮਦਗੀ ਦਾ ਪਰਚਾ ਦਰਜ ਹੋਇਆ ਸੀ ਤੇ ਉਸ ਨੂੰ 10 ਸਾਲ ਦੀ ਸਜ਼ਾ ਹੋਈ ਸੀ। ਸਜ਼ਾ ਦੌਰਾਨ ਪੈਰੋਲ ਲੈ ਕੇ ਛੁੱਟੀ 'ਤੇ ਆ ਗਿਆ ਤੇ ਫਿਰ ਭੁੱਕੀ ਤਸਕਰੀ ਕਰਨ ਲੱਗ ਪਿਆ। ਇਸ ਖ਼ਿਲਾਫ਼ 12 ਜਨਵਰੀ 2018 'ਚ ਜਗਰਾਓਂ ਥਾਣਾ ਸਦਰ ਵਿਖੇ ਵੀ 85 ਬੋਰੀਆਂ ਭੁੱਕੀ ਤਸਕਰੀ ਦਾ ਪਰਚਾ ਦਰਜ ਹੈ , ਜਿਸ 'ਚ ਉਹ ਭਗੌੜਾ ਚੱਲ ਰਿਹਾ ਹੈ। ਗੁਰਦੀਪ ਸਿੰਘ ਖ਼ਿਲਾਫ਼ ਵੀ 12 ਜਨਵਰੀ 2015 ਨੂੰ ਥਾਣਾ ਸਿੱਧਵਾਂ ਬੇਟ ਵਿਖੇ ਭੁੱਕੀ ਬਰਾਮਦਗੀ ਦਾ ਪਰਚਾ ਦਰਜ ਹੈ। ਜਗਰਾਓਂ ਪੁਲਿਸ ਵੱਲੋਂ ਗ੍ਰਿਫ਼ਤਾਰ ਦੋਵੇਂ ਤਸਕਰ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀ ਹੱਦ 'ਤੇ ਪੈਂਦੇ ਨਿਬਾਲਾ ਪਿੰਡ ਤੋਂ ਟਰੱਕ ਭਰ ਕੇ ਭੁੱਕੀ ਦੀਆਂ ਬੋਰੀਆਂ ਲਿਆਉਂਦੇ ਸਨ। ਇਕ ਥਾਂ ਸਟੋਰ ਕਰਨ 'ਤੋਂ ਬਾਅਦ ਸਕਾਰਪੀਓ 'ਤੇ ਮੰਗ ਅਨੁਸਾਰ ਗਾਹਕਾਂ ਨੂੰ ਸਪਲਾਈ ਕਰਦੇ ਸਨ।

More News

NRI Post
..
NRI Post
..
NRI Post
..