ਚਾਰ ਦਿਨਾਂ ਵਿੱਚ 530 ਟ੍ਰੈਕਟਰਾਂ ਨਾਲ ਟੋਏ ਪੂਰਨ ਲਈ ਲੱਗ ਗਿਆ 13 ਲੱਖ ਦਾ ਡੀਜ਼ਲ

by

ਸੁਲਤਾਨਪੁਰ ਲੋਧੀ (ਇੰਦਰਜੀਤ ਸਿੰਘ) : ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਪਿੰਡ ਜਾਣੀਆ ਚਾਹਲ ‘ਚ ਕਿਸਾਨਾਂ ਦੀ ਹੜ੍ਹ ਨਾਲ ਬਰਬਾਦ ਹੋਈ ਜ਼ਮੀਨ ਨੂੰ ਪੱਧਰ ਕਰਨ ਦੀ ਚਲ ਰਹੀ ਕਾਰ ਸੇਵਾ ਚੌਥੇ ਦਿਨ ਵਿੱਚ ਸ਼ਾਮਿਲ ਹੋ ਗਈ ਹੈ।ਇੰਨ੍ਹਾਂ ਚਾਰ ਦਿਨਾਂ ਵਿੱਚ 530 ਟ੍ਰੈਕਟਰ ਚੱਲਦੇ ਰਹੇ ਤੇ 13 ਲੱਖ ਤੋਂ ਵੱਧ ਦੇ ਡੀਜ਼ਲ ਦੀ ਖੱਪਤ ਹੋ ਚੁੱਕੀ ਹੈ।ਸਾਲ 1988 ਵਿੱਚ ਆਏ ਹੜ੍ਹਾਂ ਦੌਰਾਨ ਪਏ ਟੋਏ ਅੱਜ ਤੱਕ ਨਹੀਂ ਪੂਰ ਹੋਏ।ਜ਼ਿਕਰਯੋਗ ਹੈ ਕਿ 18 ਅਗਸਤ ਨੂੰ ਆਏ ਹੜ੍ਹਾਂ ਨਾਲ ਜਾਣੀਆ ਚਾਹਲ ਨੇੜੇ ਧੱੁਸੀ ਬੰਨ ਵਿੱਚ 175 ਮੀਟਰ ਪਾੜ ਪੈ ਗਿਆ ਸੀ । ਹੜ੍ਹਾਂ ਦੇ ਮੂੰਹ ਜ਼ੋਰ ਹੋਏ ਪਾਣੀ ਨਾਲ 50 ਫੁੱਟ ਡੂੰਘੇ ਟੋਏ ਪੈ ਗਏ ਸਨ ਤੇ ਇਸ ਦੀ ਮਿੱਟੀ 100 ਤੋਂ ਵੱਧ ਏਕੜਾਂ ਵਿੱਚ ਫੈਲ ਗਈ ਸੀ। 

ਜਿਹੜੇ ਕਿਸਾਨ ਭਾਰਵਾਂ ਦੀ ਜ਼ਮੀਨ ਪੱਧਰੀ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚੋਂ ਕਿਸਾਨ ਮੇਜਰ ਸਿੰਘ ਦਾ ਕਹਿਣਾ ਸੀ ਕਿ ਜ਼ਮੀਨ ਪੱਧਰੀ ਕਰਵਾਉਣ ਲਈ ਜੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਪਹਿਲ ਕਦਮੀ ਨਾ ਕਰਦੇ ਤਾਂ ਉਨ੍ਹਾਂ ਦੀ ਇੱਕ ਪੀੜ੍ਹੀ ਲੱਗ ਜਾਣੀ ਸੀ ਟੋਏ ਪੂਰਨ ਲਈ।ਉਨ੍ਹਾਂ ਦੱਸਿਆ ਕਿ ਪਿੰਡ ਮੰਡਾਲਾ ਅਤੇ ਗੋਇੰਦਵਾਲ ਸਮੇਤ ਹੋਰ ਥਾਵਾਂ ‘ਤੇ ਜਿਹੜੇ 1988 ਦੇ ਹੜ੍ਹਾਂ ਵਿੱਚ ਟੋਏ ਪਏ ਸਨ ਉਹ ਅੱਜ ਤੱਕ ਨਹੀਂ ਪੂਰ ਹੋਏ। ਜ਼ਮੀਨ ਪੱਧਰੀ ਕਰਨ ਲਈ ਆ ਰਹੇ ਟੈ੍ਰਕਟਰਾਂ ਵਿੱਚ ਡੀਜ਼ਲ ਪਾਉਣ ਦੇ ਕੰਮ ਨੂੰ ਦੇਖ ਰਹੇ ਕਿਸਾਨ ਤੇਗਾ ਸਿੰਘ ਨੇ ਦੱਸਿਆ ਕਿ ਅੱਜ 106 ਟ੍ਰੈਕਟਰ ਇਸ ਕਾਰ ਸੇਵਾ ਵਿੱਚ ਲੱਗੇ ਹੋਏ ਸਨ ਤੇ ਹੁਣ ਤੱਕ ਚਾਰ ਦਿਨਾਂ ਵਿੱਚ 530 ਤੋਂ ਵੱਧ ਟ੍ਰੈਕਟਰ ਜ਼ਮੀਨ ਪੱਧਰੀ ਕਰਨ ਦੀ ਚੱਲ ਰਹੀ ਕਾਰ ਸੇਵਾ ਵਿੱਚ ਯੋਗਦਾਨ ਪਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਪੀੜਤ ਕਿਸਾਨਾਂ ਨੂੰ ਜ਼ਮੀਨ ਪੱਧਰੀ ਕਰਕੇ ਦੇਣ ਦਾ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਪ੍ਰੋਜੈਕਟ ਹੈ ਜਿਸ ਵਿੱਚ ਪੰਜਾਬ ਭਰ ਤੋਂ ਲੋਕ ਆ ਕੇ ਸੇਵਾ ਕਰ ਰਹੇ ਹਨ।ਫਿਰੋਜ਼ਪੁਰ ਤੋਂ ਪ੍ਰਦੀਪ ਸਿੰਘ ਤੇਗਾ ਸਿੰਘ ਵਾਲਾ ਤੋਂ ਪੰਜ ਟ੍ਰੈਕਟਰ ਲੈਕੇ ਆਏ ਸਨ। ਜਾਣੀਆ ਚਾਹਲ ਤੋਂ 15 ਟ੍ਰੈਕਟਰ ਆਏ ਸਨ। ਜਗਰਾਓ ਤੋਂ ਤੀਜੇ ਦਿਨ ਵੀ ਟ੍ਰੈਕਟਰ ਆਏ ਸਨ।ਫਰੀਦਕੋਟ ਦੇ ਪਿੰਡ ਕੰਮੇਆਣਾ ਤੋਂ ਦੋ ਟ੍ਰੈਕਟਰ ਆਏ ਹਨ ਤੇ ਪਹਿਲੇ ਦਿਨ ਇੱਥੋਂ 15 ਟ੍ਰੈਕਟਰ ਆਏ ਸਨ।ਰਾਈਵਾਲ ਦੋਨਾ ਦੇ ਸਰਪੰਚ ਬਲਬੀਰ ਸਿੰਘ ਆਪਣੇ ਨਾਲ 9 ਟੈ੍ਰਕਟਰ ਲੈਕੇ ਆਏ ਸਨ ਤੇ ਚੱਕ ਚੇਲਾ ਤੋਂ ਸਰਪੰਚ ਜੋਗਾ ਸਿੰਘ ਪਹਿਲੇ ਦਿਨ ਤੋਂ ਹੀ 16 ਟ੍ਰੈਕਟਰ ਜ਼ਮੀਨ ਪੱਧਰੀ ਕਰਵਾਉਣ ਲਈ ਲੈਕੇ ਆ ਰਹੇ ਹਨ। ਸੰਤ ਸੀਚੇਵਾਲ ਜੀ ਨੇ ਦੱਸਿਆ ਕਿ ਮੁਸੀਬਤ ਦੀ ਇਸ ਘੜੀ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਇੱਕਜੁਟਤਾ ਨਾਲ ਪੀੜਤ ਕਿਸਾਨਾਂ ਦੀ ਮੱਦਦ ਕੀਤੀ ਹੈ ਉਹ ਆਪਣੇ ਆਪ ਵਿੱਚ ਹੀ ਇੱਕ ਵੱਡੀ ਮਿਸਾਲ ਹੈ।

ਕਿਸਾਨ ਤੇਗਾ ਸਿੰਘ ਨੇ ਦੱਸਿਆ ਕਿ ਜ਼ਮੀਨ ਪੱਧਰੀ ਕਰਨ ਦਾ ਕੰਮ ਜੇ ਛੇਤੀ ਸ਼ੁਰੂ ਨਾ ਕਰਦੇ ਤਾਂ ਕਿਸਾਨਾਂ ਨੇ ਕਣਕ ਬੀਜਣ ਲਈ ਆਪਣੇ ਖੇਤਾਂ ਵਿੱਚੋਂ ਮਿੱਟੀ ਚੁੱਕਣੀ ਸ਼ੁਰੂ ਕਰ ਦੇਣੀ ਸੀ ਤਾਂ ਫਿਰ ਦੂਰੋਂ ਮਿੱਟੀ ਲਿਆਉਣੀ ਔਖੀ ਹੋ ਜਾਣੀ ਸੀ। ਇਸ ਮੌਕੇ ਗੁਰਦੁਆਰਾ ਟਾਹਲੀ ਸਾਹਿਬ ਤੋਂ ਸੰਤ ਦਇਆ ਸਿੰਘ, ਡੇਰਾ ਹਰਜੀ ਸਾਹਿਬ ਤੋਂ ਸੰਤ ਅਮਰੀਕ ਸਿੰਘ ਖੁਖਰੈਣ ਸੁਰਜੀਤ ਸਿੰਘ ਸ਼ੰਟੀ ਸਮੇਤ ਇਲਾਕੇ ਦੇ ਮੋਹਤਬਰ ਸੱਜਣ ਹਾਜ਼ਰ ਸਨ।

More News

NRI Post
..
NRI Post
..
NRI Post
..