ਵਾਸ਼ਿੰਗਟਨ (ਵਿਕਰਮ ਸਹਿਜਪਾਲ) : 16 ਅਮਰੀਕੀ ਰਾਜਾਂ ਨੇ ਮਿਲ ਕੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਮੈਕਸੀਕੋ ਦੀ ਸਰਹੱਦ ਨਾਲ ਵਿਵਾਦਗ੍ਰਸਤ ਕੰਧ ਉਸਾਰੇ ਜਾਣ ਲਈ ਫੰਡ ਇੱਕਠੇ ਕਰਨ ਲਈ ਰਾਸ਼ਟਰੀ ਐਮਰਜੈਂਸੀ ਦੇ ਐਲਾਨ ਦੀ ਯੋਜਨਾ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਅਰਬਾਂ ਡਾਲਰ ਤੋਂ ਵੀ ਵੱਧ ਦੀ ਰਾਸ਼ੀ ਸਰਹੱਦੀ ਸੁਰੱਖਿਆ ਲਈ ਇਸਤੇਮਾਲ ਕਰਨਗੇ, ਜੋ ਕਿ ਕਾਂਗਰਸ ਵੱਲੋਂ ਮੁਹੱਈਆ ਕਰਵਾਈ ਗਈ ਸੀ।ਇਸ ਐਲਾਨ ਤੋਂ ਬਾਅਦ ਹੀ ਸ੍ਰੀ ਟਰੰਪ ਵਿਰੁੱਧ ਮੁਕੱਦਮਾ ਕੀਤਾ ਗਿਆ ਹੈ।
ਕੌਮੀ ਐਮਰਜੈਂਸੀ ਐਕਟ ਤਹਿਤ ਰਾਸ਼ਟਰਪਤੀ ਕੌਮੀ ਸੰਕਟਕਾਲੀਨ ਸਥਿਤੀ ਦਾ ਐਲਾਨ ਕਰ ਸਕਦਾ ਹੈ। 16 ਰਾਜਾਂ ਦੇ ਇਸ ਗੱਠਜੋੜ ਨੇ ਦੋਸ਼ ਲਗਾਇਆ ਹੈ ਕਿ ਰਾਸ਼ਟਰਪਤੀ ਟਰੰਪ ਵੱਲੋਂ ਐਮਰਜੈਂਸੀ ਦਾ ਐਲਾਨ ਅਤੇ ਫੰਡਾਂ ਦੀ ਵੰਡ ਗੈਰ ਸੰਵਿਧਾਨਿਕ ਅਤੇ ਗੈਰ ਕਾਨੂੰਨੀ ਹੈ। ਇਹ ਮੁਕੱਦਮਾ ਸੋਮਵਾਰ ਨੂੰ ਸੇਨ ਫਰਾਂਸਿਸਕੋ ‘ਚ ਸੰਘੀ ਜ਼ਿਲ੍ਹਾ ਅਦਾਲਤ ‘ਚ ਦਾਇਰ ਕੀਤਾ ਗਿਆ ਹੈ।
ਇਸ ‘ਚ ਤਰਕ ਦਿੱਤਾ ਗਿਆ ਹੈ ਕਿ ਰਾਸ਼ਟਰਪਤੀ ਕੋਲ ਮੈਕਸੀਕੋ ਸਰਹੱਦ ‘ਤੇ ਕੰਧ ਉਸਰਾਨ ਲਈ ਫੰਡਾਂ ਦੀ ਵਰਤੋਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ, ਕਿਉਂਕਿ ਇਹ ਸ਼ਕਤੀ ਕਾਂਗਰਸ ਕੋਲ ਹੈ। ਦਰਅਸਲ ਇਸ ਕੰਧ ਦੀ ਉਸਾਰੀ ਲਈ 5.7 ਬਿਲੀਅਨ ਡਾਲਰ ਦੀ ਜ਼ਰੂਰਤ ਹੈ ਪਰ ਕਾਂਗਰਸ ਵੱਲੋਂ 1.375 ਬੀਲੀਅਨ ਡਾਲਰ ਦੀ ਹੀ ਮਨਜ਼ੂਰੀ ਦਿੱਤੀ ਗਈ ਹੈ।


