ਲੁਧਿਆਣਾ (ਇੰਦਰਜੀਤ ਸਿੰਘ) : ਮਹਾਨਗਰ ਦੇ ਵੱਖ-ਵੱਖ ਇਲਾਕਿਆਂ 'ਚ ਹਥਿਆਰ ਦੇ ਦਮ 'ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਦੇ ਦੋਸ਼ 'ਚ ਚਾਰ ਕਥਿਤ ਮੁਲਜ਼ਮ ਥਾਣਾ-4 ਦੀ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਗਏ ਹਨ। ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਮ ਗਲੀ ਸਰਕੁਲਰ ਰੋਡ ਦੇ ਰਹਿਣ ਵਾਲੇ ਆਸ਼ੂ ਸੋਨੀ, ਜਮਾਲਪੁਰ ਵਾਸੀ ਦੀਪਕ ਕੁਮਾਰ, ਹਰਬੰਸਪੁਰਾ ਦੇ ਰਹਿਣ ਵਾਲੇ ਰੋਸ਼ਨ ਰਾਜ ਤੇ ਰਾਜ ਕੁਮਾਰ ਦੇ ਰੂਪ 'ਚ ਹੋਈ ਹੈ। ਪੁਲਿਸ ਨੂੰ ਆਸ ਹੈ ਕਿ ਮੁਲਜ਼ਮਾਂ ਕੋਲੋਂ ਵਧੇਰੇ ਪੁੱਛਗਿੱਛ ਦੌਰਾਨ ਲੁੱਟਾਂ-ਖੋਹਾਂ ਤੇ ਚੋਰੀ ਦੀਆਂ ਕਈ ਹੋਰ ਵਾਰਦਾਤਾਂ ਬਾਰੇ ਅਹਿਮ ਸੁਰਾਗ ਹੱਥ ਲੱਗਣਗੇ।
ਇਸ ਮਾਮਲੇ 'ਚ ਏਡੀਸੀਪੀ-1 ਗੁਰਪ੍ਰਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਏਸੀਪੀ ਸੈਂਟਰਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਥਾਣਾ-4 ਦੇ ਮੁਖੀ ਇੰਸਪੈਕਟਰ ਸਤਵੰਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਮਿਲਣ 'ਤੇ ਵੱਖ-ਵੱਖ ਥਾਵਾਂ ਤੋਂ ਚਾਰੋਂ ਕਥਿਤ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ।
ਏਡੀਸੀਪੀ ਸਿਕੰਦ ਮੁਤਾਬਕ ਸ਼ੁਰੂਆਤੀ ਪੜਤਾਲ ਦੌਰਾਨ ਦੋਸ਼ੀਆਂ ਕੋਲੋਂ ਤਿੰਨ ਦਰਜਨ ਮੋਬਾਈਲ ਬਰਾਮਦ ਕੀਤੇ ਗਏ ਹਨ। ਵਾਰਦਾਤ ਦੌਰਾਨ ਵਰਤਿਆ ਜਾਣ ਵਾਲਾ ਤੇਜ਼ਧਾਰ ਕਮਾਨੀਦਾਰ ਚਾਕੂ ਵੀ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰੋਪੀਆਂ ਨੇ ਪੁੱਛਗਿੱਛ ਦੌਰਾਨ ਕਰੀਬ ਚਾਰ ਦਰਜਨ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਬਾਰੇ ਕਬੂਲਿਆ ਹੈ। ਆਸ ਹੈ ਕਿ ਗਹਿਣ ਪੜਤਾਲ ਦੌਰਾਨ ਲੁੱਟਾਂ ਖੋਹਾਂ ਦੇ ਕਈ ਮਾਮਲਿਆਂ ਬਾਰੇ ਅਹਿਮ ਖੁਲਾਸੇ ਹੋਣਗੇ।



