ਨਹਿਰ ‘ਚ ਡੁੱਬਣ ਕਾਰਨ 4 ਵਿਦਿਆਰਥਣਾਂ ਦੀ ਹੋਈ ਮੌਤ

by jaskamal

ਨਿਊਜ਼ ਡੈਸਕ : ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ’ਚ ਧਾਰਮਿਕ ਆਗੂ ਸਾਧਵੀ ਰਿਤੰਭਰਾ ਵੱਲੋਂ ਚਲਾਏ ਜਾ ਰਹੇ ਇਕ ਰਿਹਾਇਸ਼ੀ ਆਸ਼ਰਮ ਸਕੂਲ ’ਚ ਪੜ੍ਹਨ ਵਾਲੀਆਂ 4 ਲੜਕੀਆਂ ਬੁੱਧਵਾਰ ਨੂੰ ਨਹਿਰ ’ਚ ਡੁੱਬ ਗਈਆਂ। ਪੁਲਸ ਨੇ ਦੱਸਿਆ ਕਿ ਘਟਨਾ ਮਾਂਧਾਤਾ (ਓਂਕਾਰੇਸ਼ਵਰ) ਥਾਣਾ ਖੇਤਰ ਦੇ ਕੋਠੀ ਪਿੰਡ ’ਚ ਸਵੇਰੇ ਹੋਈ। ਉਨ੍ਹਾਂ ਕਿਹਾ ਕਿ ਲੜਕੀਆਂ 10 ਤੋਂ 11 ਸਾਲ ਦੀ ਉਮਰ ਵਰਗ ਦੀਆਂ ਸਨ ਤੇ ਉਹ ਸਾਰੀਆਂ ਪੰਜਵੀਂ ਜਮਾਤ ਦੀਆਂ ਵਿਦਿਆਰਥਣਾਂ ਸਨ ਤੇ ਸਾਧਵੀ ਰਿਤੰਭਰਾ ਵੱਲੋਂ ਚਲਾਏ ਜਾ ਰਹੇ ਆਸ਼ਰਮ ’ਚ ਰਹਿੰਦੀਆਂ ਸਨ।

ਮਾਂਧਾਤਾ ਥਾਣੇ ਦੇ ਮੁਖੀ ਬਲਰਾਮ ਸਿੰਘ ਨੇ ਦੱਸਿਆ ਕਿ ਲੜਕੀਆਂ ਨਹਾਉਣ ਲਈ ਨਹਿਰ ’ਚ ਗਈਆਂ ਸਨ, ਉਦੋਂ ਉਨ੍ਹਾਂ ’ਚੋਂ ਇਕ ਡੁੱਬਣ ਲੱਗੀ ਅਤੇ ਹੋਰ ਲੜਕੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਸਾਰੀਆਂ ਡੁੱਬ ਗਈਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵੈਸ਼ਾਲੀ, ਪ੍ਰਤਿਗਿਆ, ਦਿਵਿਆਂਸ਼ੀ ਤੇ ਅੰਜਨਾ ਦੇ ਰੂਪ ’ਚ ਹੋਈ ਹੈ, ਜੋ ਖਰਗੋਨ ਜ਼ਿਲੇ ਦੀਆਂ ਰਹਿਣ ਵਾਲੀਆਂ ਸਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲਾਸ਼ਾਂ ਨੂੰ ਨਹਿਰ ’ਚੋਂ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।