550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੇਤਨਾ ਮਾਰਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ ਸਮਾਪਤ

by

ਸ੍ਰੀ ਅਨੰਦਪੁਰ ਸਾਹਿਬ, 15 ਮਈ -ਕੈਨੇਡਾ ਦੇ ਸਿੱਖ ਮੋਟਰਸਾਈਕਲ ਕਲੱਬ ਵਲੋਂ ਕੈਨੇਡਾ ਦੇ ਸ਼ਹਿਰ ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਰਪਿਤ ਰਵਾਨਾ ਹੋਇਆ ਚੇਤਨਾ ਮਾਰਚ ਅੱਜ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁਹੰਚ ਕੇ ਸਮਾਪਤ ਹੋ ਗਿਆ | ਕੈਨੇਡਾ ਤੋਂ ਪੰਜ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਸੜਕ ਰਾਹੀਂ 22 ਵੱਖ-ਵੱਖ ਦੇਸ਼ਾਂ ਤੋਂ ਹੁੰਦੇ ਹੋਏ ਪਾਕਿਸਤਾਨ ਤੋਂ ਅਟਾਰੀ ਵਿਖੇ ਪੰਜਾਬ 'ਚ ਦਾਖ਼ਲ ਹੋਏ ਸਾਬਤ ਸੁਰਤ 6 ਸਿੱਖ ਨੌਜਵਾਨਾਂ ਨੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਕੇ ਆਪਣੇ ਚੇਤਨਾ ਮਾਰਚ ਦੀ ਸਮਾਪਤੀ ਕੀਤੀ | ਪੁਹੰਚੇ ਚੇਤਨਾ ਮਾਰਚ ਦਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਹੈੱਡ ਗ੍ਰੰਥੀ ਭਾਈ ਫੂਲਾ ਸਿੰਘ, ਮੈਨੇਜਰ ਜਸਵੀਰ ਸਿੰਘ, ਸੂਚਨਾ ਅਫ਼ਸਰ ਐਡਵੋਕੇਟ ਹਰਦੇਵ ਸਿੰਘ, ਪੰਜ ਪਿਆਰਾ ਭਾਈ ਸਰਬਜੀਤ ਸਿੰਘ ਆਦਿ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਮਾਰਚ 'ਚ ਸ਼ਾਮਿਲ ਨੌਜਵਾਨਾਂ ਜਿਨ੍ਹਾਂ 'ਚ ਜਤਿੰਦਰ ਸਿੰਘ, ਜਸਮੀਤ ਪਾਲ ਸਿੰਘ, ਮਨਦੀਪ ਸਿੰਘ, ਅਜ਼ਾਦਵਿੰਦਰ ਸਿੰਘ, ਪ੍ਰਭਜੀਤ ਸਿੰਘ, ਸੁਖਬੀਰ ਸਿੰਘ ਦਾ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ |

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਨੌਜਵਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਕੈਨੇਡਾ (ਸਰੀ) ਵਿਖੇ ਸਥਿਤ ਗੁ: ਦੁੱਖ ਨਿਵਾਰਨ ਸਾਹਿਬ ਤੋਂ 3 ਅਪ੍ਰੈਲ 2019 ਨੂੰ ਆਰੰਭ ਹੋਇਆ ਚੇਤਨਾ ਮਾਰਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਸੰਸਾਰ ਦੇ ਵੱਖ-ਵੱਖ 22 ਦੇਸ਼ਾਂ 'ਚ ਸੰਦੇਸ਼ ਦਿੰਦਾ ਹੋਇਆ ਇੱਥੇ ਪੁਹੰਚਾਇਆ ਹੈ | ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਆਪਣੇ ਮਾਰਚ ਦੀ ਸਮਾਪਤੀ ਕਰ ਦਿੱਤੀ ਹੈ ਪਰ ਅੱਗੇ ਉਹ ਦੂਜੇ ਤਖ਼ਤ ਸਾਹਿਬਾਨ ਦੇ ਦਰਸ਼ਨ ਦੀਦਾਰ ਕਰਨ ਲਈ ਜਹਾਜ਼ ਰਾਹੀਂ ਜ਼ਰੂਰ ਜਾਣਗੇ | ਇਸ ਮੌਕੇ ਉਨ੍ਹਾਂ ਦੇ ਨਾਲ ਅਮਨਦੀਪ ਸਿੰਘ ਗਰਚਾ, ਰਛਪਾਲ ਸਿੰਘ ਧਾਰੀਵਾਲ, ਗੁਰਪ੍ਰੀਤ ਸਿੰਘ ਤੁੰਗ, ਜਸਪਾਲ ਸਿੰਘ, ਗੁਰਸੇਵਕ ਸਿੰਘ, ਹਰਦੇਵ ਸਿੰਘ ਆਦਿ ਹਾਜ਼ਰ ਸਨ |