ਕੰਥਰਲਕ (ਪਾਇਲ): ਥਾਈਲੈਂਡ ਸਰਕਾਰ ਨੇ ਦੱਸਿਆ ਕਿ ਅੱਜ ਕੰਬੋਡੀਆ ਤੋਂ ਹੋਏ ਰਾਕੇਟ ਹਮਲੇ ਵਿੱਚ 63 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪਿਛਲੇ ਇੱਕ ਹਫ਼ਤੇ ਤੋਂ ਦੋਵੇਂ ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦੀ ਸਰਹੱਦ ’ਤੇ ਜਾਰੀ ਲੜਾਈ ਵਿੱਚ ਕਿਸੇ ਆਮ ਨਾਗਰਿਕ ਦੀ ਪਹਿਲੀ ਮੌਤ ਹੈ। ਇਸੇ ਦੌਰਾਨ ਥਾਈਲੈਂਡ ਨੇ ਕੰਬੋਡੀਆ ਨਾਲ ਕਿਸੇ ਵੀ ਜੰਗਬੰਦੀ ਸਮਝੌਤੇ ਤੋਂ ਇਨਕਾਰ ਕਰ ਦਿੱਤਾ ਹੈ। ਥਾਈਲੈਂਡ ਦੀ ਸੈਨਾ ਨੇ ਸਰਹੱਦੀ ਖੇਤਰਾਂ ’ਚ ਜਾਰੀ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦਿਆਂ ਤ੍ਰਾਟ ਸੂਬੇ ਦੇ ਕੁਝ ਹਿੱਸਿਆਂ ’ਚ ਕਰਫਿਊ ਲਗਾ ਦਿੱਤਾ ਹੈ।
ਦੋਵਾਂ ਮੁਲਕਾਂ ਨੇ ਪੁਸ਼ਟੀ ਕੀਤੀ ਕਿ 7 ਦਸੰਬਰ ਨੂੰ ਹੋਈ ਝੜਪ ਤੋਂ ਬਾਅਦ ਅੱਜ ਵੀ ਵੱਡੇ ਪੱਧਰ ’ਤੇ ਲੜਾਈ ਜਾਰੀ ਹੈ, ਜਿਸ ਵਿੱਚ ਦੋ ਥਾਈ ਸੈਨਿਕ ਜ਼ਖ਼ਮੀ ਹੋ ਗਏ ਸਨ। ਦੋਵੇਂ ਧਿਰਾਂ ਸਰਹੱਦੀ ਜ਼ਮੀਨ ਦੇ ਟੁਕੜਿਆਂ ’ਤੇ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਲੈ ਕੇ ਲੜ ਰਹੇ ਹਨ ਜਿਨ੍ਹਾਂ ’ਚੋਂ ਕੁਝ ਵਿੱਚ ਸਦੀਆਂ ਪੁਰਾਣੇ ਮੰਦਰਾਂ ਦੇ ਖੰਡਰ ਹਨ। ਪਿਛਲੇ ਇੱਕ ਹਫ਼ਤੇ ਤੋਂ ਜਾਰੀ ਲੜਾਈ ਵਿੱਚ ਸਰਹੱਦ ਦੇ ਦੋਵੇਂ ਪਾਸੇ 24 ਤੋਂ ਵੱਧ ਵਿਅਕਤੀ ਮਾਰੇ ਗਏ ਹਨ ਅਤੇ ਪੰਜ ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ।
ਇਸੇ ਦੌਰਾਨ ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਰਨਵਿਰਾਕੁਲ ਨੇ ਕਿਹਾ ਕਿ ਥਾਈਲੈਂਡ ਨੇ ਕੰਬੋਡੀਆ ਨਾਲ ਕਿਸੇ ਵੀ ਜੰਗਬੰਦੀ ਸਮਝੌਤੇ ਤੋਂ ਇਨਕਾਰ ਕੀਤਾ ਹੈ ਅਤੇ ਉਹ ਵਿਵਾਦਤ ਸਰਹੱਦ ’ਤੇ ਆਪਣੀ ਫੌਜੀ ਮੁਹਿੰਮ ਜਾਰੀ ਰੱਖਣਗੇ। ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਹਿਲਾਂ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਥਾਈਲੈਂਡ ਨੇ ਲੜਾਈ ਰੋਕਣ ’ਤੇ ਸਹਿਮਤੀ ਜ਼ਾਹਿਰ ਨਹੀਂ ਕੀਤੀ ਹੈ ਅਤੇ ਇਸ ਸਮੇਂ ਕੰਬੋਡੀਆ ਨਾਲ ਕੋਈ ਜੰਗਬੰਦੀ ਵਾਰਤਾ ਵੀ ਨਹੀਂ ਚੱਲ ਰਹੀ।



