ਪੱਤਰ ਪ੍ਰੇਰਕ : ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਅੱਜ ਅੰਮ੍ਰਿਤਸਰ ਪੁੱਜੇ। ਇੱਥੇ ਮੰਤਰੀ ਕੁਲਦੀਪ ਧਾਲੀਵਾਲ ਅਤੇ ਹਰਭਜਨ ਸਿੰਘ ਈਟੀਓ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇੱਥੇ ਪਹੁੰਚ ਕੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਤੋਂ ਬਾਅਦ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਿੱਲੀ-ਕਟੜਾ ਐਕਸਪ੍ਰੈਸਵੇਅ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਪਹੁੰਚੇ।
ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੀ ਲੰਬਾਈ 670 ਕਿਲੋਮੀਟਰ ਹੈ, ਜਿਸ ਵਿੱਚੋਂ 362 ਕਿਲੋਮੀਟਰ ਪੰਜਾਬ ਵਿੱਚ ਹੈ। ਐਕਸਪ੍ਰੈੱਸ ਵੇਅ ਬਣਨ ਤੋਂ ਬਾਅਦ ਯਾਤਰੀਆਂ ਲਈ ਸਫਰ ਕਰਨਾ ਆਸਾਨ ਹੋ ਜਾਵੇਗਾ। ਲਗਭਗ 25,000 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਐਕਸਪ੍ਰੈਸ ਵੇਅ ਦਾ ਨੀਂਹ ਪੱਥਰ ਅਪ੍ਰੈਲ 2022 ਵਿੱਚ ਰੱਖਿਆ ਗਿਆ ਸੀ, ਜੋ ਦਸੰਬਰ 2025 ਵਿੱਚ ਸ਼ੁਰੂ ਹੋਵੇਗਾ।
ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਹਰਿਆਣਾ ਦੇ ਬਹਾਦਰਗੜ੍ਹ ਤੋਂ ਸ਼ੁਰੂ ਹੋ ਕੇ ਜੰਮੂ-ਕਸ਼ਮੀਰ ਦੇ ਕਟੜਾ ਤੱਕ ਪਹੁੰਚੇਗਾ। ਲੋਕ 4 ਤੋਂ 4.5 ਘੰਟਿਆਂ ਵਿੱਚ ਦਿੱਲੀ ਤੋਂ ਅੰਮ੍ਰਿਤਸਰ ਪਹੁੰਚ ਸਕਣਗੇ। ਲੋਕ 6 ਤੋਂ 6.5 ਘੰਟਿਆਂ 'ਚ ਦਿੱਲੀ ਤੋਂ ਕਟੜਾ ਦਾ ਸਫਰ ਕਰ ਸਕਣਗੇ।


