ਪੱਤਰ ਪ੍ਰੇਰਕ : ਕੈਨੇਡਾ ਪ੍ਰਤੀ ਭਾਰਤੀ ਕੂਟਨੀਤੀ ਦੇ ਰਵੱਈਏ ਵਿੱਚ ਕੋਈ ਨਰਮੀ ਆਉਣ ਦੇ ਕੋਈ ਸੰਕੇਤ ਨਹੀਂ ਹਨ। ਪਿਛਲੇ ਸ਼ੁੱਕਰਵਾਰ (10 ਅਕਤੂਬਰ) ਨੂੰ ਅਮਰੀਕਾ ਨਾਲ 2 ਪਲੱਸ 2 ਵਾਰਤਾ ਵਿਚ ਭਾਰਤ ਨੇ ਸਪੱਸ਼ਟ ਕੀਤਾ ਸੀ ਕਿ ਉਹ ਕੈਨੇਡਾ ਨਾਲ ਕੂਟਨੀਤਕ ਵਿਵਾਦ ਦੇ ਸਬੰਧ ਵਿਚ ਆਪਣੇ ਸਟੈਂਡ 'ਤੇ ਕਾਇਮ ਹੈ।
ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੀਟਿੰਗ ਵਿਚ ਭਾਰਤ ਨੇ ਕੈਨੇਡਾ ਨੂੰ ਸਪੱਸ਼ਟ ਕਿਹਾ ਕਿ ਉਸ ਨੂੰ ਅੱਤਵਾਦ ਫੈਲਾਉਣ ਵਾਲੇ ਸਮੂਹਾਂ ਨੂੰ ਰੋਕਣਾ ਹੋਵੇਗਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਦੁਰਵਰਤੋਂ ਨੂੰ ਵੀ ਰੋਕਣਾ ਹੋਵੇਗਾ। UNHRC ਦੀ ਇਹ ਮੀਟਿੰਗ ਕੈਨੇਡਾ ਵਿੱਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਦੀ ਸਮੀਖਿਆ ਕਰਨ ਬਾਰੇ ਸੀ, ਜਿਸ ਵਿੱਚ ਭਾਰਤੀ ਪ੍ਰਤੀਨਿਧੀ ਨੇ ਭਾਰਤ ਦੀਆਂ ਮੌਜੂਦਾ ਚਿੰਤਾਵਾਂ ਨੂੰ ਅੱਗੇ ਰੱਖਣ ਵਿੱਚ ਕੋਈ ਗਲਤੀ ਨਹੀਂ ਕੀਤੀ। ਕੈਨੇਡਾ ਦੇ ਪੱਖ ਤੋਂ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਉਹ ਆਪਣੇ ਪੱਖ ਤੋਂ ਮੌਜੂਦਾ ਤਣਾਅ ਨੂੰ ਖਤਮ ਕਰਨ ਲਈ ਕੋਈ ਨਰਮੀ ਦਿਖਾ ਰਿਹਾ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਹੈ ਕਿ ਕਿਸੇ ਵੀ ਵੱਡੇ ਦੇਸ਼ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਦੀ ਮਨਮਾਨੇ ਢੰਗ ਨਾਲ ਵਰਤੋਂ ਕਰਨ ਦੀ ਇਜਾਜ਼ਤ ਦੇਣਾ ਖਤਰਨਾਕ ਹੋਵੇਗਾ। UNHRC ਦੀ ਮੀਟਿੰਗ ਵਿੱਚ ਕੈਨੇਡਾ ਸਰਕਾਰ ਵੱਲੋਂ ਮਨੁੱਖੀ ਅਧਿਕਾਰਾਂ ਦੀ ਸਥਿਤੀ ਬਾਰੇ ਰਿਪੋਰਟ ਵੀ ਪੇਸ਼ ਕੀਤੀ ਗਈ ਹੈ।


