5 ਮਈ ਨੂੰ ਸ਼ੁਰੂ ਹੋਣ ਵਾਲਾ ਕਿਸਾਨਾਂ ਦਾ ਧਰਨਾ ਮੁਲਤਵੀ

by jaskamal

ਪੱਤਰ ਪ੍ਰੇਰਕ : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਗੁਰਮੀਤ ਸਿੰਘ ਖੁੱਡੀਆਂ ਦੇ ਘਰਾਂ ਦਾ 5 ਮਈ ਤੋਂ ਘਰਾਂ ਦੇ ਘਿਰਾਉ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਹਰਕਤ ਵਿੱਚ ਆਇਆ ਅਤੇ ਤੁਰੰਤ ਜੱਥੇਬੰਦੀ ਨਾਲ ਮੀਟਿੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਜੱਥੇਬੰਦੀ ਵੱਲੋ ਅੱਜ ਸੂਬਾ ਪੱਧਰੀ ਮੀਟਿੰਗ ਕਰਕੇ ਅਧਿਕਾਰੀਆਂ ਦੇ ਭਰੋਸਾ ਕਰਕੇ ਅਪਣੇ ਸੰਘਰਸ਼ ਨੂੰ ਕੁੱਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ।

 ਇਸ ਮੌਕੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਹੋਈ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਬਾਰੇ 15 ਦਿਨਾਂ ਵਿੱਚ ਹੱਲ ਕਰਨ ਦੇ ਦਿੱਤੇ ਭਰੋਸੇ ਮਗਰੋਂ ਜਥੇਬੰਦੀ ਵੱਲੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਮੀਤ ਹੇਅਰ ਦੇ ਘਰਾਂ ਅੱਗੇ ਦਿੱਤੇ ਧਰਨਿਆਂ ਅਤੇ ਵਿਰੋਧ ਦੇ ਸੱਦੇ ਦੇ ਐਕਸ਼ਨ ਨੂੰ 15 ਦਿਨਾਂ ਲਈ ਮੁਲਤਵੀ ਕਰ ਦਿੱਤਾ ਹੈ। ਪਰ ਸਰਕਾਰ ਵੱਲੋਂ ਦਿੱਤੇ ਸਮੇਂ ਅਨੁਸਾਰ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਪੂਰਨ ਹੱਲ ਨਾ ਕੀਤਾ ਤਾਂ 20 ਮਈ ਤੋਂ ਦੁਬਾਰਾ ਆਮ ਆਦਮੀ ਪਾਰਟੀ ਦੇ ਵਿਰੁੱਧ ਦਿੱਤੇ ਸੱਦੇ ਦੇ ਐਕਸਨ ਨੂੰ ਜਿਉਂ ਦੀ ਤਿਉਂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਦੇ ਮੈਦਾਨਾਂ ਵਿੱਚ ਆਉਣ ਲਈ ਤਿਆਰ ਰਹਿਣ, ਕਿਉਂਕਿ ਸਰਕਾਰਾਂ ਵਾਰੀ ਵਾਰੀ ਵਾਅਦੇ ਕਰਕੇ ਮੁੱਕਰਦੀਆਂ ਰਹਿੰਦੀਆਂ ਹਨ‌।

 ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜੱਥੇਬੰਦੀ ਵੱਲੋਂ 5 ਮਈ ਤੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਕੈਬਨਿਟ ਮੰਤਰੀ ਮੀਤ ਹੇਅਰ ਦੀਆਂ ਕੋਠੀਆਂ ਅੱਗੇ ਪੱਕੇ ਮੋਰਚੇ ਲਾਉਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕੱਲ 3 ਮਈ ਨੂੰ ਸਰਕਾਰ ਵੱਲੋਂ ਇੱਕ ਅਹਿਮ ਮੀਟਿੰਗ ਸੱਦੀ ਗਈ। ਜਿਸ ਵਿੱਚ ਏਡੀਜੀਪੀ ਜਸਕਰਨ ਸਿੰਘ, ਡੀਸੀ ਸੰਗਰੂਰ, ਐਸਐਸਪੀ ਸੰਗਰੂਰ, ਡੀਸੀ ਬਠਿੰਡਾ, ਐਸਐਸਪੀ ਬਠਿੰਡਾ ਅਤੇ ਦੋਵੇਂ ਜ਼ਿਲ੍ਹਿਆਂ ਨਾਲ ਸੰਬੰਧਿਤ ਐਸਡੀਐਮ ਅਤੇ ਡੀਐਸਪੀ ਹਾਜ਼ਰ ਹੋਏ ਸਨ।

ਮੀਟਿੰਗ ਵਿੱਚ ਪੁਆਇੰਟ ਬਾਈ ਪੁਆਇੰਟ ਗੱਲ ਕੀਤੀ ਗਈ। ਜਿਸ ਵਿੱਚ ਬਠਿੰਡਾ ਦੇ ਪਿੰਡ ਲੇਲੇਵਾਲਾ ਵਿੱਚ ਗੈਸ ਪਾਈਪ ਲੈਣ ਦੇ ਮਸਲੇ ਨੂੰ ਸੁਲਝਾਉਣ ਲਈ ਦੋ ਹਫ਼ਤਿਆਂ ਦਾ ਵਿਸ਼ਵਾਸ ਦਵਾਇਆ ਗਿਆ। ਦੋਵੇਂ ਜ਼ਿਲ੍ਹਿਆਂ ਨਾਲ ਸੰਬੰਧਿਤ ਗੜ੍ਹੇਮਾਰੀ ਦੇ ਮੁਆਵਜ਼ੇ ਇੱਕ ਹਫ਼ਤੇ ਵਿੱਚ ਵੰਡਣ ਦਾ ਭਰੋਸਾ ਦਿੱਤਾ ਗਿਆ। ਬਠਿੰਡਾ ਦੇ ਪਿੰਡ ਘੁੱਦਾ ਵਿਖੇ ਲਗਭਗ 50 ਏਕੜ ਫ਼ਸਲ ਜੋ ਬਿਜਲੀ ਦੀਆਂ ਤਾਰਾਂ ਨਾਲ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ ਸੀ। ਉਸ ਦਾ ਪੂਰਾ ਮੁਆਵਜ਼ਾ ਦੋ ਹਫਤਿਆਂ ਵਿੱਚ ਦੇਣ ਦਾ ਵਾਅਦਾ ਕੀਤਾ ਗਿਆ। ਭਾਰਤ ਮਾਲਾ ਦੇ ਵਿੱਚ ਐਕੁਆਇਰ ਕੀਤੀਆਂ ਜ਼ਮੀਨਾਂ ਦੇ ਸਾਰੇ ਕੇਸਾਂ ਨੂੰ ਨਿਵੇੜਨ ਦਾ ਦੋ ਹਫ਼ਤਿਆਂ ਵਿੱਚ ਹੱਲ ਕਰਨ ਦਾ ਵਾਅਦਾ ਕੀਤਾ ਗਿਆ।

More News

NRI Post
..
NRI Post
..
NRI Post
..