ਸੁਨਿਆਰੇ ਨੂੰ ਉਸ ਦਾ ਮੁੰਡਾ ਅਗਵਾ ਕਰਨ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਿਰੌਤੀ ਮੰਗਣ ਵਾਲੇ ਤਿੰਨ ਨੌਜਵਾਨ ਗਿ੍ਫ਼ਤਾਰ
ਜਲੰਧਰ : ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਵੱਲੋਂ ਬਣਾਈ ਗਈ ਸੀਆਈਏ ਇਕ, ਦੋ ਅਤੇ ਥਾਣਾ ਨੰਬਰ ਦੋ ਦੀ ਟੀਮ ਨੇ ਪਿਛਲੇ ਕੁਝ ਦਿਨਾਂ ਤੋਂ ਇਕ ਸੁਨਿਆਰੇ ਨੂੰ ਉਸ ਦਾ ਮੁੰਡਾ ਅਗਵਾ ਕਰਨ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਿਰੌਤੀ ਮੰਗਣ ਵਾਲੇ ਤਿੰਨ ਨੌਜਵਾਨਾਂ ਨੂੰ ਜਿੰਨਾਂ ਵਿਚੋਂ ਇਕ ਨਾਬਾਲਿਗ ਵੀ ਹੈ, ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋ ਚੋਰੀ ਦੀ ਐਕਟਿਵਾ ਖਰੀਦਣ ਵਾਲੇ ਅੰਮਿ੍ਤਸਰ ਵਾਸੀ ਉਨ੍ਹਾਂ ਦੇ ਮਾਮੇ ਨੂੰ ਵੀ ਗਿ੍ਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਨ੍ਹਾਂ ਕੋਲੋਂ ਫਿਰੌਤੀ ਦੀ ਕੁਝ ਰਕਮ, ਖਿਡੌਣਾ ਪਿਸਤੌਲ ,ਚੋਰੀ ਕੀਤੀ ਹੋਈ ਐਕਟਿਵਾ, ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਸੁਨਿਆਰਿਆਂ ਬਾਜ਼ਾਰ ਦੇ ਇਕ ਸੁਨਿਆਰੇ ਓਮ ਪ੍ਰਕਾਸ਼ (ਕਾਲਪਨਿਕ ਨਾਮ) ਨੂੰ ਮੋਬਾਈਲ ਉੱਪਰ ਇਕ ਫੋਨ ਆਇਆ ਅਤੇ ਫੋਨ ਕਰਨ ਵਾਲੇ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਨੂੰ ਉਸ ਨੂੰ ਮਾਰਨ ਦੀ ਸੁਪਾਰੀ ਦਿੱਤੀ ਗਈ ਹੈ, ਜੇਕਰ ਉਹ ਬਚਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਦੱਸ ਲੱਖ ਦੀ ਫਿਰੋਤੀ ਦੇਵੇ।
ਓਮ ਪ੍ਰਕਾਸ ਨੇ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਕੀਤੀ ਤਾਂ 14 ਅਪ੍ਰਰੈਲ ਨੂੰ ਓਮ ਪ੍ਰਕਾਸ਼ ਦੇ ਘਰ ਦੇ ਬਾਹਰੋਂ ਉਸ ਦੀ ਐਕਟਿਵਾ ਚੁੱਕ ਕੇ ਲੈ ਗਏ ਅਤੇ ਦੁਬਾਰਾ ਫੋਨ ਕੀਤਾ ਕਿ ਜੇਕਰ ਅਸੀਂ ਤੁਹਾਡੇ ਘਰ ਦੇ ਬਾਹਰੋਂ ਐਕਟਿਵਾ ਚੁੱਕ ਸਕਦੇ ਹਾਂ ਤਾਂ ਤੁਹਾਡੇ ਮੁੰਡੇ ਨੂੰ ਅਗਵਾ ਕਰਨਾ ਸਾਡੇ ਲਈ ਕੋਈ ਅੌਖੀ ਗੱਲ ਨਹੀਂ ਹੈ। ਇਸ ਲਈ ਤੂੰ ਪੈਸਿਆਂ ਦਾ ਇੰਤਜ਼ਾਮ ਕਰ ਲੈ, ਜਿਸ 'ਤੇ ਓਮ ਪ੍ਰਕਾਸ਼ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਨੇ ਛੇ ਲੱਖ ਰੁਪਏ ਦਾ ਇੰਤਜ਼ਾਮ ਕਰ ਲਿਆ ਹੈ ਤਾਂ ਉਨ੍ਹਾਂ ਨੇ ਇਹ ਰੁਪਏ ਅੰਮਿ੍ਤਸਰ ਰੋਡ 'ਤੇ ਪੈਂਦੇ ਇਕ ਮਲਟੀ ਕੰਪਲੈਕਸ ਦੇ ਬਾਹਰ ਗਮਲਿਆਂ ਵਿਚ ਰੱਖਣ ਲਈ ਕਿਹਾ ਤਾਂ ਓਮ ਪ੍ਰਕਾਸ਼ ਨੇ ਛੇ ਲੱਖ ਰੁਪਏ ਦੀ ਜਗ੍ਹਾ ਪੰਜਾਹ ਹਜ਼ਾਰ ਰੁਪਏ ਇਕ ਕਾਲੇ ਰੰਗ ਦੇ ਬੈਗ ਵਿਚ ਪਾ ਕੇ ਉਨ੍ਹਾਂ ਗਮਲਿਆਂ ਵਿਚ ਰੱਖ ਦਿੱਤੇ, ਜੋ ਕਿ ਉਸੇ ਵੇਲੇ ਮੋਟਰਸਾਈਕਲ 'ਤੇ ਆਏ ਤਿੰਨ ਨੌਜਵਾਨ ਚੁੱਕ ਕੇ ਲੈ ਗਏ।
ਇਸ ਦੀ ਸ਼ਿਕਾਇਤ ਮਿਲਣ 'ਤੇ ਪੁਲਿਸ ਨੇ ਗਲੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਕਾਲ ਡਿਟੇਲ ਅਤੇ ਲੋਕੇਸ਼ਨ ਦੇ ਹਿਸਾਬ ਨਾਲ ਇਸ ਮਾਮਲੇ ਦੀ ਜਾਂਚ ਟੈਕਨੀਕਲ ਢੰਗ ਨਾਲ ਸ਼ੁਰੂ ਕੀਤੀ ਅਤੇ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ, ਜਦੋਂ ਦਾਣਾ ਮੰਡੀ ਤੋਂ ਇਸ ਮਾਮਲੇ ਦੇ ਤਿੰਨ ਮੁਲਜ਼ਮਾਂ ਅਮਨਦੀਪ ਸਿੰਘ ਉਰਫ ਮਨੀ ਤੇ ਉਸ ਦਾ ਨਾਬਾਲਿਗ ਭਰਾ ਮਨੀ ਦੋਵੇਂ ਵਾਸੀ ਗੁਰਦੇਵ ਨਗਰ ਅਤੇ ਦੀਪਕ ਉਰਫ ਨੰਨੂ ਵਾਸੀ ਪ੍ਰਤਾਪ ਨਗਰ ਸੋਢਲ ਰੋਡ ਨੂੰ ਗਿ੍ਫ਼ਤਾਰ ਕਰ ਲਿਆ। ਪੁੱਛਗਿੱਛ 'ਚ ਉਨ੍ਹਾਂ ਕਿਹਾ ਕਿ ਓਮ ਪ੍ਰਕਾਸ਼ ਦੇ ਘਰ ਦੇ ਬਾਹਰੋਂ ਚੁੱਕੀ ਐਕਟਿਵਾ ਉਨ੍ਹਾਂ ਨੇ ਆਪਣੇ ਮਾਮੇ ਜੋਧ ਸਿੰਘ ਵਾਸੀ ਗੇਟ ਹਕੀਮਾਂ ਅੰਮਿ੍ਤਸਰ ਨੂੰ 5 ਹਜ਼ਾਰ ਰੁਪਏ ਦੀ ਵੇਚ ਦਿੱਤੀ ਹੈ|
ਜਿਸ ਤੋਂ ਬਾਅਦ ਪੁਲਿਸ ਨੇ ਜੋਧ ਸਿੰਘ ਨੂੰ ਵੀ ਲੁਧਿਆਣਾ ਵਿਚੋਂ ਗਿ੍ਫ਼ਤਾਰ ਕਰ ਲਿਆ। ਪੁਲਿਸ ਕਮਿਸ਼ਨਰ ਗੁਰਪ੍ਰਰੀਤ ਸਿੰਘ ਭੁੱਲਰ ਨੇ ਕਿਹਾ ਕਿ ਫੜਿਆ ਗਿਆ ਨਾਬਾਲਿਗ ਮਨੀ ਜੋ ਕਿ ਓਮ ਪ੍ਰਕਾਸ਼ ਦੇ ਬੇਟੇ ਦਾ ਦੋਸਤ ਸੀ ਅਤੇ ਉਨ੍ਹਾਂ ਦੇ ਘਰ ਇਸ ਦਾ ਆਉਣਾ-ਜਾਣਾ ਸੀ ਅਤੇ ਉਸ ਨੇ ਹੀ ਆਪਣੇ ਵੱਡੇ ਭਰਾ ਅਮਨਦੀਪ ਨੂੰ ਸਾਜ਼ਿਸ਼ ਰਚਣ ਲਈ ਕਿਹਾ ਸੀ ਅਤੇ ਉਸ ਦੇ ਕਹਿਣ 'ਤੇ ਹੀ ਉਨ੍ਹਾਂ ਨੇ ਇਹ ਸਾਜ਼ਿਸ਼ ਰਚੀ ਸੀ। ਪੁਲਿਸ ਨੇ ਮੁਲਜ਼ਮਾਂ ਕੋਲੋਂ ਪੰਜਾਹ ਹਜ਼ਾਰ ਰੁਪਏ, ਇਕ ਮੋਟਰਸਾਈਕਲ, ਇਕ ਖਿਡੌਣਾ ਪਿਸਤੌਲ, ਦੋ ਮੋਬਾਈਲ, ਇਕ ਐਕਟਿਵਾ ਅਤੇ ਇਕ ਦਾਤ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਲਈ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ।



