ਚੰਡੀਗੜ੍ਹ (ਰਾਘਵ): ਸੂਬੇ ਦੇ ਪੈਨਸ਼ਨ ਧਾਰਕਾਂ ਲਈ ਅਹਿਮ ਖ਼ਬਰ ਹੈ। ਦਰਅਸਲ ਪੈਨਸ਼ਨਰਾਂ ਦੀ ਸਹੂਲਤ ਲਈ ਅਤੇ ਉਨ੍ਹਾਂ ਦੇ ਪੈਨਸ਼ਨ ਸਬੰਧੀ ਪੈਂਡਿੰਗ ਪਏ ਮਸਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਜਲੰਧਰ ਅਤੇ ਚੰਡੀਗੜ੍ਹ ਵਿਚ ਪੈਨਸ਼ਨ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਪੈਨਸ਼ਨ ਅਦਾਲਤਾਂ ਆਉਣ ਵਾਲੀ 19 ਮਈ 2025 ਨੂੰ ਲਗਾਈਆਂ ਜਾਣਗੀਆਂ। ਇਨ੍ਹਾਂ ਅਦਾਲਤਾਂ ਵਿਚ ਪੈਨਸ਼ਨਰ ਆਪਣੀਆਂ ਪੈਨਸ਼ਨ ਸਬੰਧੀ ਸ਼ਿਕਾਇਤਾਂ ਜਾਂ ਸਮੱਸਿਆਵਾਂ ਪੇਸ਼ ਕਰ ਸਕਦੇ ਹਨ ਤਾਂ ਜੋ ਉਨ੍ਹਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਜਾ ਸਕੇ।
ਸੂਤਰਾਂ ਮੁਤਾਬਕ ਜਿਹੜੇ ਪੈਨਸ਼ਨਰ ਇਨ੍ਹਾਂ ਅਦਾਲਤਾਂ ਵਿਚ ਆਪਣੇ ਮਸਲੇ ਪੇਸ਼ ਕਰਨਾ ਚਾਹੁੰਦੇ ਹਨ, ਉਹ ਆਪਣੀਆਂ ਅਰਜ਼ੀਆਂ ਨਿਰਧਾਰਿਤ ਦਫਤਰਾਂ ਵਿਚ ਜਮ੍ਹਾਂ ਕਰਵਾਉਣ। ਜਲੰਧਰ ਵਿਚ ਲੱਗਣ ਵਾਲੀ ਪੈਨਸ਼ਨ ਅਦਾਲਤ ਲਈ ਅਰਜ਼ੀਆਂ ਸੁਪਰਡੈਂਟ, ਪੈਨਸ਼ਨ ਬ੍ਰਾਂਚ, ਕਮਿਸ਼ਨਰੇਟ ਜਲੰਧਰ ਵਿਖੇ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਚੰਡੀਗੜ੍ਹ ਵਿਚ ਲੱਗਣ ਵਾਲੀ ਅਦਾਲਤ ਲਈ, ਅਰਜ਼ੀਆਂ ਡਾਇਰੈਕਟਰ, ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ, ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਵਿਚ ਜਮ੍ਹਾਂ ਹੋਣਗੀਆਂ। ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 11 ਮਈ 2025 ਨਿਰਧਾਰਿਤ ਕੀਤੀ ਗਈ ਹੈ। ਪੈਨਸ਼ਨਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਿਰਧਾਰਿਤ ਮਿਤੀ ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਸਬੰਧਤ ਦਫਤਰਾਂ ਵਿਚ ਪਹੁੰਚਾ ਦੇਣ ਤਾਂ ਜੋ ਉਨ੍ਹਾਂ ਦੇ ਕੇਸਾਂ ਨੂੰ ਪੈਨਸ਼ਨ ਅਦਾਲਤ ਵਿਚ ਸੁਣਵਾਈ ਲਈ ਸ਼ਾਮਲ ਕੀਤਾ ਜਾ ਸਕੇ।


