ਹਰਸਿਮਰਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਅਜ਼ਮਾ ਰਹੇ ਨੇ ਪਤੀ-ਪਤਨੀ ਇਕੱਠਿਆਂ ਵੱਖ-ਵੱਖ ਹਲਕਿਆਂ ਤੋਂ ਕਿਸਮਤ

by

ਬਠਿੰਡਾ : ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਕਈ ਵਾਰ ਲੋਕ ਸਭਾ ਚੋਣਾਂ ਲੜ ਚੁੱਕੇ ਹਨ, ਪਰ ਸਾਲ 2019 ਦੀ ਚੋਣ ਪਤੀ-ਪਤਨੀ ਇਕੱਠਿਆਂ ਵੱਖ-ਵੱਖ ਹਲਕਿਆਂ ਤੋਂ ਲੜਨਗੇ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਗਲਵਾਰ ਨੂੰ ਆਪਣੇ ਘਰ ਸੱਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਦੋਵਾਂ ਦੇ ਚੋਣ ਲੜਨ ਦਾ ਐਲਾਨ ਕੀਤਾ। ਸੁਖਬੀਰ ਸਿੰਘ ਬਾਦਲ ਇਸ ਤੋਂ ਪਹਿਲਾਂ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਚਾਰ ਵਾਰ ਚੋਣ ਲੜ ਚੁੱਕੇ ਹਨ। ਉਨ੍ਹਾਂ ਪਹਿਲੀ ਵਾਰ ਸਾਲ 1996 ਵਿਚ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਲੜੀ ਤੇ ਕਾਂਗਰਸ ਦੀ ਉਮੀਦਵਾਰ ਕੰਵਲਜੀਤ ਕੌਰ ਨੂੰ 1 ਲੱਖ 37 ਹਜ਼ਾਰ 848 ਵੋਟਾਂ ਨਾਲ ਹਰਾ ਕੇ ਉਹ ਮੈਂਬਰ ਪਾਰਲੀਮੈਂਟ ਬਣੇ।

ਇਸ ਤੋਂ ਬਾਅਦ ਉਨ੍ਹਾਂ 1998 ਵਿਚ ਮੁੜ ਇਸੇ ਹਲਕੇ ਤੋਂ ਕਿਸਮਤ ਅਜ਼ਮਾਈ ਅਤੇ ਕਾਂਗਰਸ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਨੂੰ 34 ਹਜ਼ਾਰ 959 ਵੋਟਾਂ ਨਾਲ ਹਰਾ ਦਿੱਤਾ। ਸਾਲ 1999 ਵਿਚ ਅਕਾਲੀ-ਭਾਜਪਾ ਗੱਠਜੋੜ ਨੇ ਮੁੜ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਪਰ ਉਹ ਇਸ ਵਾਰੀ ਕਾਂਗਰਸ ਦੇ ਤੇਜ਼ ਤਰਾਰ ਉਮੀਦਵਾਰ ਜਗਮੀਤ ਸਿੰਘ ਬਰਾੜ ਕੋਲੋ ਮਹਿਜ਼ 6 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ। ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਨੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੀ ਨੂੰਹ ਕਰਨ ਕੌਰ ਬਰਾੜ ਨੂੰ 1 ਲੱਖ 35 ਹਜ਼ਾਰ 279 ਵੋਟਾਂ ਨਾਲ ਮਾਤ ਦਿੱਤੀ।

ਸਾਲ 2009 ਵਿਚ ਫ਼ਰੀਦਕੋਟ ਲੋਕ ਸਭਾ ਹਲਕੇ ਨੂੰ ਅਨੁਸੂਚਿਤ ਜਾਤੀ ਲਈ ਰਾਖਵਾਂ ਕਰ ਦਿੱਤਾ ਗਿਆ ਹੈ ਜਦਕਿ ਬਠਿੰਡਾ ਨੂੰ ਜਨਰਲ ਹਲਕੇ ਵਿਚ ਤਬਦੀਲ ਕਰ ਦਿੱਤਾ ਗਿਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਹਲਕਾ ਜੋ ਪਹਿਲਾਂ ਫ਼ਰੀਦਕੋਟ ਲੋਕ ਸਭਾ ਹਲਕੇ ਦਾ ਹਿੱਸਾ ਸੀ, ਨੂੰ ਬਠਿੰਡਾ ਲੋਕ ਸਭਾ ਹਲਕੇ ਅਧੀਨ ਕਰ ਦਿੱਤਾ ਗਿਆ।ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦੋ ਵਾਰ ਚੋਣ ਲੜ ਕੇ ਜਿੱਤ ਹਾਸਲ ਕੀਤੀ ਹੈ ਜਦਕਿ ਉਹ ਹੁਣ ਤੀਜੀ ਵਾਰ ਇਸੇ ਹਲਕੇ ਤੋਂ ਕਿਸਮਤ ਅਜ਼ਮਾ ਰਹੇ ਹਨ। ਸਾਲ 2009 ਵਿਚ ਅਕਾਲੀ-ਭਾਜਪਾ ਗੱਠਜੋੜ ਨੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਬਣਾਇਆ ਜਿਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਸਵਾ ਲੱਖ ਵੋਟਾਂ ਨਾਲ ਮਾਤ ਦਿੱਤੀ।

ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿਚ ਬੀਬੀ ਬਾਦਲ ਦਾ ਮੁਕਾਬਲਾ ਆਪਣੇ ਦਿਓਰ ਮਨਪ੍ਰੀਤ ਸਿੰਘ ਬਾਦਲ ਨਾਲ ਹੋਇਆ ਪਰ ਬੀਬੀ ਬਾਦਲ ਮੁੜ ਜੇਤੂ ਹੋ ਕੇ ਨਿਕਲੇ, ਪਰ ਉਨ੍ਹਾਂ ਦਾ ਵੋਟ ਮਾਰਜਨ ਘੱਟ ਗਿਆ ਸੀ। ਹੁਣ ਦੋਵੇਂ ਪਤੀ-ਪਤਨੀ ਇਕੱਠਿਆਂ ਬਠਿੰਡਾ ਤੇ ਫ਼ਿਰੋਜ਼ਪੁਰ ਤੋਂ ਚੋਣ ਲੜ ਰਹੇ ਹਨ।ਜਦੋਂ ਸਾਲ 1999 ਦੀਆਂ ਲੋਕ ਸਭਾ ਚੋਣਾਂ ਵਿਚ ਸੁਖਬੀਰ ਸਿੰਘ ਬਾਦਲ ਕਾਂਗਰਸ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਤੋਂ ਚੋਣ ਹਾਰੇ ਸਨ ਤਾਂ ਇਕ ਆਜ਼ਾਦ ਉਮੀਦਵਾਰ ਜਗਮੀਤ ਸਿੰਘ ਬਰਾੜ ਨੇ 857 ਵੋਟ ਹਾਸਲ ਕੀਤੇ ਸਨ। 1998 ਵਿਚ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਇਕ ਆਜ਼ਾਦ ਉਮੀਦਵਾਰ ਸੁਖਬੀਰ ਸਿੰਘ ਨੇ 2695 ਵੋਟ ਹਾਸਲ ਕੀਤੇ ਸਨ। ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਅਜ਼ਾਦ ਉਮੀਦਵਾਰ ਸੁਖਬੀਰ ਸਿੰਘ ਬਾਦਲ 2735 ਵੋਟਾਂ ਲੈ ਗਿਆ ਸੀ। 

More News

NRI Post
..
NRI Post
..
NRI Post
..