ਮਾਛੀਵਾੜਾ : ਪਿਛਲੇ ਹਫ਼ਤੇ ਪਈ 2 ਦਿਨ ਬਾਰਿਸ਼ ਤੋਂ ਕਿਸਾਨ ਅਜੇ ਉਭਰੇ ਨਹੀਂ ਸਨ ਕਿ ਅੱਜ ਸ਼ਾਮ ਹਨੇਰੀ ਪਿੱਛੋਂ ਆਏ ਮੀਂਹ ਤੇ ਗੜਿ੍ਹਆਂ ਨੇ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ ਅਤੇ ਅਨਾਜ ਮੰਡੀ ਮਾਛੀਵਾੜਾ ਕੁੱਝ ਹੀ ਮਿੰਟਾਂ 'ਚ ਜਲਥਲ ਹੋ ਗਈ। ਜਿਸ ਨਾਲ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹ ਕੇ ਸਾਹਮਣੇ ਆਈ। ਮਾਛੀਵਾੜਾ ਬਲਾਕ ਦੇ ਪਿੰਡ ਹੇੜੀਆਂ ਤੇ ਆਸਪਾਸ ਤੇਜ਼ ਗੜ੍ਹੇ ਪਏ, ਜਿਸ ਕਾਰਨ ਸਾਰੀ ਧਰਤੀ ਚਿੱਟੀ ਹੋ ਗਈ ਅਤੇ ਖੇਤਾਂ ਵਿਚ ਪੱਕ ਕੇ ਤਿਆਰ ਖੜ੍ਹੀ ਫਸਲ ਦੀਆਂ ਬੱਲੀਆਂ ਨੂੰ ਇਨ੍ਹਾਂ ਗੜਿ੍ਹਆਂ ਨੇ ਝੰਬ ਕੇ ਰੱਖ ਦਿੱਤਾ ਜਿਸ ਕਾਰਨ ਇਨ੍ਹਾਂ ਪਿੰਡਾਂ 'ਚ ਕਣਕ ਦਾ ਝਾੜ ਘਟੇਗਾ। 2 ਦਿਨ ਪਈ ਤੇਜ਼ ਧੁੱਪ ਕਾਰਨ ਕਣਕ ਦੀ ਕਟਾਈ 'ਚ ਤੇਜ਼ੀ ਆਈ ਸੀ ਅਤੇ ਮੰਡੀਆਂ 'ਚ ਵੀ ਫ਼ਸਲ ਦੀ ਆਮਦ ਤੇਜ਼ ਹੋ ਗਈ ਸੀ ਕਿ ਪਰ ਹੁਣ ਇਸ ਮੀਂਹ ਤੇ ਗੜ੍ਹੇਮਾਰੀ ਨੇ ਵਾਢੀ ਨੂੰ ਬਰੇਕਾਂ ਲਗਾ ਦਿੱਤੀਆਂ।
ਦੂਸਰੇ ਪਾਸੇ ਜਦੋਂ ਮਾਛੀਵਾੜਾ ਅਨਾਜ ਮੰਡੀ ਦਾ ਪੱਤਰਕਾਰਾਂ ਵੱਲੋਂ ਦੌਰਾ ਕੀਤਾ ਤਾਂ ਉਥੇ ਦੇਖਿਆ ਕਿ ਮੀਂਹ ਕਾਰਨ ਕਿਸਾਨਾਂ ਦੀ ਵਿਕਣ ਆਈ ਫ਼ਸਲ ਪਾਣੀ 'ਚ ਤੈਰ ਰਹੀ ਸੀ ਤੇ ਕਈ ਥਾਵਾਂ 'ਤੇ ਭਰੀਆਂ ਬੋਰੀਆਂ ਵੀ ਪਾਣੀ 'ਚ ਡੁੱਬੀਆਂ ਦਿਖਾਈ ਦਿੱਤੀਆਂ। ਕਿਸਾਨ ਤੇ ਮਜ਼ਦੂਰ ਵਿਕਣ ਆਈ ਫਸਲ ਨੂੰ ਬਚਾਉਣ ਲਈ ਅਨਾਜ ਮੰਡੀ ਦਾ ਸੀਵਰੇਜ਼ ਜੋ ਕਿ 20 ਮਿੰਟ ਦੇ ਮੀਂਹ ਨਾਲ ਹੀ ਜਾਮ ਹੋ ਗਿਆ ਸੀ, ਉਸ ਨੂੰ ਸਾਫ਼ ਕਰਨ ਵਿਚ ਲੱਗੇ ਰਹੇ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ ਤਾਂ ਵਿਕਣ ਲਈ ਆਈ ਹੋਰ ਫ਼ਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ।



