ਪ੍ਰਾਪਰਟੀ ਟੈਕਸ ਭਰਨ ਵਾਲਿਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਨਵਾਂ ਹੁਕਮ ਕੀਤਾ ਜਾਰੀ

by nripost

ਐੱਸਏਐੱਸ ਨਗਰ (ਰਾਘਵ): ਪੰਜਾਬ ਦੇ ਲੋਕਾਂ ਲਈ ਇਕ ਅਹਿਮ ਖ਼ਬਰ ਹੈ। ਜਿਹੜੇ ਲੋਕ ਕਿਸੇ ਕਾਰਨ ਕਰਕੇ ਆਪਣਾ ਪ੍ਰਾਪਰਟੀ ਟੈਕਸ ਨਹੀਂ ਭਰ ਸਕੇ, ਉਨ੍ਹਾਂ ਲਈ ਸਰਕਾਰ ਨੇ ਇਕ ਹੋਰ ਸੁਨਹਿਰੀ ਮੌਕਾ ਦਿੱਤਾ ਹੈ। ਪੰਜਾਬ ਸਰਕਾਰ ਨੇ ਇਕਮੁਸ਼ਤ ਨਿਪਟਾਰਾ ਯੋਜਨਾ ਨੂੰ 15 ਅਗਸਤ, 2025 ਤਕ ਵਧਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਹੁਣ ਬਿਨਾਂ ਕਿਸੇ ਜੁਰਮਾਨੇ ਜਾਂ ਵਿਆਜ਼ ਦੇ ਆਪਣੇ ਪਿਛਲੇ ਸਾਰੇ ਜਾਇਦਾਦ ਟੈਕਸ ਬਕਾਏ ਭਰ ਸਕਦੇ ਹੋ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਯੋਜਨਾ ਪਹਿਲਾਂ 31 ਜੁਲਾਈ ਨੂੰ ਖ਼ਤਮ ਹੋ ਰਹੀ ਸੀ, ਪਰ ਲੋਕਾਂ ਦੇ ਭਰਵੇਂ ਹੁੰਗਾਰੇ ਨੂੰ ਦੇਖਦੇ ਹੋਏ ਸਰਕਾਰ ਨੇ ਇਸਨੂੰ ਵਧਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਿਰਫ਼ ਇਕ ਮਹੀਨੇ ਵਿਚ ਹੀ ਐੱਸਏਐੱਸ ਨਗਰ ਜ਼ਿਲ੍ਹੇ ਦੀਆਂ ਖਰੜ, ਜ਼ੀਰਕਪੁਰ, ਡੇਰਾਬੱਸੀ, ਲਾਲੜੂ, ਕੁਰਾਲੀ ਅਤੇ ਨਿਆਗਾਓਂ ਨਗਰ ਕੌਂਸਲਾਂ ਨੇ ਕੁੱਲ 21.85 ਕਰੋੜ ਰੁਪਏ ਦਾ ਜਾਇਦਾਦ ਟੈਕਸ ਇਕੱਠਾ ਕੀਤਾ ਹੈ। ਸਭ ਤੋਂ ਵੱਧ ਟੈਕਸ ਜ਼ੀਰਕਪੁਰ ਨਗਰ ਕੌਂਸਲ ਨੇ ਇਕੱਠਾ ਕੀਤਾ, ਜਿਸ ਨੇ 13.59 ਕਰੋੜ ਰੁਪਏ ਜਮ੍ਹਾਂ ਕਰਵਾਏ। ਇਸ ਤੋਂ ਇਲਾਵਾ ਖਰੜ ਨੇ 3.75 ਕਰੋੜ ਰੁਪਏ, ਡੇਰਾਬੱਸੀ ਨੇ 2.26 ਕਰੋੜ ਰੁਪਏ, ਲਾਲੜੂ ਨੇ 82.98 ਲੱਖ ਰੁਪਏ, ਕੁਰਾਲੀ ਨੇ 55.2 ਲੱਖ ਰੁਪਏ ਅਤੇ ਨਿਆਗਾਓਂ ਨੇ 52.95 ਲੱਖ ਰੁਪਏ ਇਕੱਠੇ ਕੀਤੇ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਨੇ ਹਾਲੇ ਤਕ ਇਸ ਸਕੀਮ ਦਾ ਲਾਭ ਨਹੀਂ ਲਿਆ, ਉਹ ਤੁਰੰਤ ਖਰੜ, ਜ਼ੀਰਕਪੁਰ, ਡੇਰਾਬੱਸੀ, ਲਾਲੜੂ, ਕੁਰਾਲੀ ਅਤੇ ਨਿਆਗਾਓਂ ਨਗਰ ਕੌਂਸਲਾਂ ਦਫ਼ਤਰਾਂ ਵਚ ਜਾਣ। ਇਹ ਆਖ਼ਰੀ ਮੌਕਾ ਹੈ ਜਦੋਂ ਤੁਸੀਂ ਬਿਨਾਂ ਜੁਰਮਾਨੇ ਦੇ ਟੈਕਸ ਭਰ ਸਕਦੇ ਹੋ ਅਤੇ ਕਿਸੇ ਵੀ ਕਿਸਮ ਦੀ ਕਾਨੂੰਨੀ ਕਾਰਵਾਈ ਤੋਂ ਬਚ ਸਕਦੇ ਹੋ। ਯਾਦ ਰੱਖੋ, ਇਹ ਯੋਜਨਾ ਸਿਰਫ਼ 15 ਅਗਸਤ, 2025 ਤਕ ਹੀ ਲਾਗੂ ਹੈ। ਇਸ ਤੋਂ ਬਾਅਦ ਜੁਰਮਾਨੇ ਅਤੇ ਵਿਆਜ ਦੇ ਨਾਲ ਹੀ ਟੈਕਸ ਭਰਨਾ ਪਵੇਗਾ।

More News

NRI Post
..
NRI Post
..
NRI Post
..