ਹੁਸ਼ਿਆਰਪੁਰ : ਧੋਬੀਘਾਟ ਚੌਕ 'ਤੇ ਭਿਆਨਕ ਸੜਕ ਹਾਦਸੇ 'ਚ ਦਸ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ। ਹਾਦਸਾ ਪਿੱਕਅੱਪ ਦੇ ਦਰਖ਼ਤ ਨਾਲ ਟਕਰਾਉਣ ਤੋਂ ਹੋਇਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਪਿੱਕਅੱਪ ਦੇ ਪਰਖੱਚੇ ਉੱਡ ਗਏ ਤੇ ਦੱਸ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 12 ਗੰਭੀਰ ਰੂਪ ਤੋਂ ਜ਼ਖ਼ਮੀ ਹੋ ਗਏ ਹਨ। ਮਰਨ ਵਾਲਿਆਂ 'ਚ ਦੋ ਬੱਚੇ ਤੇ ਤਿੰਨ ਔਰਤਾਂ ਵੀ ਸ਼ਾਮਲ ਹਨ।ਸਾਰੀਆਂ ਲਾਸ਼ਾ ਨੂੰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਸੂਚਨਾ ਦਿੱਤੀ ਜਾ ਰਹੀ ਹੈ।
ਜ਼ਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਜਾਣਕਾਰੀ ਅਨੁਸਾਰ ਮਹਿੰਦਰਾ ਪਿੱਕਅੱਪ ਗੱਡੀ ਨੰਬਰ ਪੀ.ਬੀ.07 ਏ ਏ 3876 ਰਾਹੀਂ ਦਸੂਹਾ ਨਜ਼ਦੀਕ ਉਸਮਾਨ ਸ਼ਹੀਦ ਅਤੇ ਕੋਟਲੀ ਖੁਰਦ ਅਤੇ ਨਾਲ ਲੱਦੁ ਹੋਰਨਾਂ ਪਿੰਡਾਂ ਦੇ ਸ਼ਰਧਾਲੂ ਪੀਰ ਨਿਗਾਹੇ ਧਾਰਮਿਕ ਅਸਥਾਨ ਤੋਂ ਦਰਸ਼ਨ ਕਰਕੇ ਪਰਤ ਰਹੇ ਸਨ ਕਿ ਨਗਰ ਨਿਗਮ ਹੁਸ਼ਿਆਰਪੁਰ ਨਜ਼ਦੀਕ ਆ ਕੇ ਉਨ੍ਹਾਂ ਦੀ ਇਹ ਗੱਡੀ ਬੇਕਾਬੂ ਹੋ ਕੇ ਸਫੈਦੇ ਦੇ ਰੁੱਖ ਨਾਲ ਟਕਰਾ ਗਈ, ਜਿਸ ਕਾਰਣ ਇਸ ਗੱਡੀ 'ਚ ਸਵਾਰ ਕਰੀਬ 10 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 10-12 ਹੋਰ ਸਵਾਰੀਆਂ ਜ਼ਖਮੀ ਹੋ ਗਈਆਂ।
ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਅਤੇ ਸੀਨੀਅਰ ਡਿਪਟੀ ਮੇਅਰ ਨਗਰ ਨਿਗਮ ਪ੍ਰੇਮ ਸਿੰਘ ਪਿੱਪਲਾਂਵਾਲਾ ਸਿਵਲ ਹਸਪਤਾਲ ਵਿਖੇ ਪੁੱਜ ਗਏ ਅਤੇ ਰਾਹਤ ਕਾਰਜ ਆਰੰਭ ਕਰਵਾ ਦਿੱਤੇ ਗਏ। ਹਾਦਸੇ ਦਾ ਕਾਰਨ ਚਾਲਕ ਦੀ ਝੋਕ ਲੱਗਣਾ ਦੱਸਿਆ ਜਾ ਰਿਹਾ ਹੈ।



