ਸਮਰਾਲਾ : ਸਮਰਾਲਾ ਦੇ ਪਿੰਡ ਨੌਲੜੀ ਖ਼ੁਰਦ ਦੇ ਇਕ ਨੌਜਵਾਨ ਕਿਸਾਨ ਨੇ ਕਰਜ਼ੇ ਦੇ ਬੋਝ ਹੇਠਾਂ ਦਬੇ ਹੋਣ ਕਾਰਨ ਸ਼ਨਿਚਰਵਾਰ ਨੂੰ ਖ਼ੁਦਕੁਸ਼ੀ ਕਰ ਲਈ। 21 ਸਾਲ ਦਾ ਕਿਸਾਨ ਜਸਦੀਪ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਪੜ੍ਹਨ ਦੀ ਉਮਰ 'ਚ ਉਸਨੇ ਖੇਤੀ ਸੰਭਾਲ ਲਈ ਪਰ ਖੇਤੀ 'ਚ ਹੋ ਰਹੇ ਲਗਾਤਾਰ ਘਾਟੇ ਕਾਰਨ ਉਸ 'ਤੇ ਕਰਜ਼ਾ ਚੜ੍ਹ ਗਿਆ। ਸ਼ਨਿਚਰਵਾਰ ਨੂੰ ਜਸਦੀਪ ਨੇ ਆਪਣੇ ਘਰ 'ਚ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ।

ਪਿੰਡ ਦੇ ਸਰਪੰਚ ਕੈਂਪੀ ਗਰੇਵਾਲ ਨੇ ਦੱਸਿਆ ਕਿ ਜਸਦੀਪ ਦੀਆਂ ਝੋਨੇ ਤੇ ਕਣਕ ਦੀਆਂ ਫਸਲਾਂ ਖ਼ਰਾਬ ਹੋ ਗਈਆਂ ਸਨ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਉਸ 'ਤੇ ਕਰੀਬ ਡੇਢ ਲੱਖ ਰੁਪਏ ਦਾ ਕਰਜ਼ਾ ਦੱਸਿਆ ਜਾਂਦਾ ਹੈ। ਜਦੋਂ ਕਰਜ਼ੇ ਦੇ ਜਾਲ 'ਚੋਂ ਨਿਕਲਣ ਦਾ ਕੋਈ ਰਸਤਾ ਜਸਦੀਪ ਨੂੰ ਨਹੀਂ ਦਿਸਿਆ ਤਾਂ ਉਸਨੇ ਖ਼ੁਦਕੁਸ਼ੀ ਕਰ ਲਈ। ਜਸਦੀਪ ਦੀ ਲਾਸ਼ ਨੂੰ ਪੋਸਟਮਾਰਟਮ ਲਈ ਖੰਨਾ ਸਿਵਲ ਹਸਪਤਾਲ ਲਿਆਂਦਾ ਗਿਆ ਹੈ।



