ਲੁਧਿਆਣਾ : ਸੋਮਵਾਰ ਸਵੇਰੇ ਰੇਲਵੇ ਸਟੇਸ਼ਨ ਤੋਂ ਇਕ ਅਣਪਛਾਤੇ ਨੌਜਵਾਨ ਦੀ ਟੁਕੜਿਆਂ 'ਚ ਲਾਸ਼ ਬਰਾਮਦ ਹੋਈ ਹੈ। ਮਿ੍ਤਕ ਦੀ ਉਮਰ ਕਰੀਬ 30 ਸਾਲ ਸੀ ਤੇ ਉਸ ਦੀ ਲਾਸ਼ ਪਲੇਟਫਾਰਮ ਨੰਬਰ-1 ਦੇ ਪਾਵਰ ਕੈਬਿਨ ਪਿੱਛੇ ਝਾੜੀਆਂ 'ਚ ਪਈ ਹੋਈ ਸੀ। ਜੀਆਰਪੀ ਨੂੰ ਵਾਰਦਾਤ ਬਾਰੇ ਉਦੋਂ ਪਤਾ ਲੱਗਾ ਜਦੋਂ ਕਿਸੇ ਨੇ ਪਾਵਰ ਕੈਬਿਨ ਕੋਲੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ।ਮਿ੍ਤਕ ਦਾ ਸਿਰ ਧੜ ਤੋਂ ਅਲੱਗ ਸੀ ਅਤੇ ਦੋਵੇਂ ਬਾਹਾਂ ਤੇ ਪੈਰ ਵੱਢੇ ਹੋਏ ਸਨ। ਲਾਸ਼ ਦੀ ਹਾਲਤ ਦੇਖ ਕੇ ਲੱਗ ਰਿਹਾ ਸੀ ਕਿ ਨੌਜਵਾਨ ਨੂੰ ਪਹਿਲਾਂ ਕਤਲ ਕੀਤਾ ਗਿਆ ਤੇ ਫਿਰ ਉਸ ਦੇ ਟੁੱਕੜੇ ਕੀਤੇ ਗਏ।
ਪਛਾਣ ਲੁਕਾਉਣ ਖ਼ਾਤਰ ਚਿਹਰੇ 'ਤੇ ਤੇਜ਼ਾਬ ਪਾ ਦਿੱਤਾ ਗਿਆ। ਜੀਆਰਪੀ ਨੇ ਲਾਸ਼ ਕਬਜ਼ੇ 'ਚ ਲੈ ਕੇ ਉਸ ਦੀ ਪਛਾਣ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪਛਾਣ ਨਹੀਂ ਹੋ ਸਕੀ। ਜੀਆਰਪੀ ਦੇ ਐੱਸਐੱਚਓ ਬਲਬੀਰ ਸਿੰਘ ਮੁਤਾਬਕ ਕਤਲ ਕੁਝ ਦਿਨ ਪਹਿਲਾਂ ਕੀਤਾ ਗਿਆ ਹੈ। ਫੋਰੈਂਸਿਕ ਟੀਮ ਨੇ ਬਾਰੀਕੀ ਨਾਲ ਜਾਂਚ ਕਰ ਕੇ ਕੁੱਝ ਸੈਂਪਲ ਇਕੱਠੇ ਕੀਤੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।



