ਲੁਧਿਆਣਾ : ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਫਿਰੋਜ਼ਪੁਰ ਅੰਤਰਰਾਸ਼ਟਰੀ ਸਰਹੱਦ ਤੋਂ ਦੋ ਸਮੱਗਲਰਾਂ ਨੂੰ ਕਾਬੂ ਕਰ ਕੇ ਸਾਢੇ ਤਿੰਨ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਕ ਕਿੱਲੋ ਹੈਰੋਇਨ ਸਮੱਗਲਰ ਤੋਂ ਬਰਾਮਦ ਹੋਈ, ਜਦਕਿ ਢਾਈ ਕਿੱਲੋ ਉਨ੍ਹਾਂ ਦੀ ਨਿਸ਼ਾਨਦੇਹੀ 'ਤੇ ਕੰਡਿਆਲੀ ਤਾਰ ਤੋਂ ਪਾਰ ਦੀ ਜ਼ਮੀਨ 'ਚੋਂ ਦੱਬੀ ਹੋਈ ਮਿਲੀ।ਐੱਸਟੀਐੱਫ ਨੇ ਦੋਵਾਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਹੈ। ਦੱਸਿਆ ਜਾ ਰਿਹਾ ਹੈ ਫੜਿਆ ਗਿਆ ਇਕ ਸਮੱਗਲਰ ਅੰਮਿ੍ਤਸਰ ਜੇਲ੍ਹ 'ਚ ਬੰਦ ਪਾਕਿ ਸਮੱਗਲਰ ਮਿਰਜ਼ਾ ਦੇ ਭਰਾ ਰਾਣਾ ਨੂੰ ਜੇਲ੍ਹ 'ਚ ਮਿਲਿਆ ਸੀ ਤੇ ਰਾਣਾ ਰਾਹੀਂ ਹੀ ਇਹ ਖੇਪ ਬੂਟਾ ਸਿੰਘ ਤਕ ਪਹੁੰਚੀ ਸੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਈਜੀ ਐੱਸਟੀਐੱਫ ਬਲਕਾਰ ਸਿੰਘ ਨੇ ਦੱਸਿਆ ਕਿ ਐੱਸਟੀਐੱਫ ਰੇਂਜ ਮੁਖੀ ਇੰਸਪੈਕਟਰ ਹਰਬੰਸ ਸਿੰਘ, ਫਿਰੋਜ਼ਪੁਰ ਐੱਸਟੀਐੱਫ ਟੀਮ ਨਾਲ ਫਿਰੋਜ਼ਪੁਰ ਵਿਖੇ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬੀਐੱਸਐੱਫ ਦੀ ਚੌਕੀ ਗੱਟੀ ਹਿਆਤ 'ਚ ਬੂਟਾ ਸਿੰਘ ਤੇ ਉਸ ਦਾ ਸਾਥੀ ਹਰਚੰਦ ਸਿੰਘ ਮੋਟਰਸਾਈਕਲ 'ਤੇ ਸਮੱਗਲਰਾਂ ਨੂੰ ਮਿਲਣ ਜਾ ਰਹੇ ਹਨ।ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਕੇ ਜਦ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ ਇਕ ਕਿੱਲੋ ਹੈਰੋਇਨ ਬਰਾਮਦ ਹੋਈ। ਦੋਵਾਂ ਤੋਂ ਪੁੱਛਗਿੱਛ ਕਰਨ 'ਤੇ ਬੀਐੱਸਐੱਫ ਦੀ ਚੌਕੀ ਗੱਟੀ ਦੇ ਗੇਟ 199 ਐੱਮ ਦੀ ਕੰਡਿਆਲੀ ਤਾਰ ਦੇ ਪਾਰ ਗੁਰਮੇਜ ਸਿੰਘ ਦੇ ਖੇਤਾਂ 'ਚੋਂ ਢਾਈ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।
ਦੋਵਾਂ ਵਿਰੁੱਧ ਮੋਹਾਲੀ ਦੇ ਐੱਸਟੀਐੱਫ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।ਬੂਟਾ ਸਿੰਘ 'ਤੇ ਪਹਿਲਾਂ ਵੀ ਨਸ਼ਾ ਸਮੱਗਲਿੰਗ ਦੇ ਕਰੀਬ ਦਸ ਮਾਮਲੇ ਦਰਜ ਹਨ। ਉਹ ਦੋ ਮਹੀਨੇ ਪਹਿਲਾਂ ਹੀ ਅੰਮਿ੍ਤਸਰ ਦੀ ਜੇਲ੍ਹ ਤੋਂ ਜ਼ਮਾਨਤ 'ਤੇ ਬਾਹਰ ਆਇਆ ਸੀ। ਅੰਮਿ੍ਤਸਰ ਦੀ ਜੇਲ੍ਹ 'ਚ ਹੀ ਪਾਕਿਸਤਾਨ ਦੇ ਪਿੰਡ ਸੈਦਕਾ ਦੇ ਮਸ਼ਹੂਰ ਸਮੱਗਲਰ ਮਿਰਜਾ ਦਾ ਭਰਾ ਰਾਣਾ ਵੀ ਬੰਦ ਸੀ। ਬੂਟਾ ਸਿੰਘ ਦਾ ਰਾਣਾ ਨਾਲ ਜੇਲ੍ਹ 'ਚ ਸੰਪਰਕ ਹੋਇਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਰਾਣਾ ਨੇ ਹੀ ਪਾਕਿ ਦੇ ਸਮੱਗਲਰਾਂ ਨਾਲ ਬੂਟਾ ਸਿੰਘ ਦਾ ਸੰਪਰਕ ਕਰਵਾਇਆ ਸੀ।



