ਜਲੰਧਰ : ਪਟੇਲ ਚੌਕ ਸਥਿਤ ਬੀ ਫਾਰ ਰੈਸਤਰਾਂ ਤੋਂ ਚਿਕਨ ਦਾ ਆਰਡਰ ਲੈ ਕੇ ਵਾਪਸ ਆ ਰਹੇ ਸਵਿਗੀ ਬੁਆਏ ਨੂੰ ਘੇਰ ਕੇ ਕਰੀਬ ਅੱਧੀ ਦਰਜਨ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕੇ ਮੋਬਾਈਲ ਖੋਹ ਲਿਆ। ਪੀੜਤ ਨੌਜਵਾਨ ਦੀ ਪਛਾਣ ਭਾਈ ਦੀਪ ਸਿੰਘ ਨਗਰ ਨਿਵਾਸੀ ਹਰਜੋਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਹਰਜੋਤ ਸਿੰਘ ਨੇ ਦੱਸਿਆ ਕਿ ਉਹ ਗਾਹਕ ਦਾ ਆਰਡਰ ਲੈਣ ਸਮੇਂ ਰੈਸਤਰਾਂ ਐਤਵਾਰ ਦੇਰ ਰਾਤ ਨੂੰ ਆਇਆ ਸੀ।
ਜਦੋਂ ਉਹ ਆਰਡਰ ਦੇ ਕੇ ਵਾਪਸ ਆ ਰਿਹਾ ਸੀ ਤਾਂ ਰੈਸਟੋਰੇਂਟ ਨੇੜੇ ਮੌਜੂਦ ਕੁਝ ਨੌਜਵਾਨਾਂ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਬਹਿਸ ਨਹੀਂ ਕਰਨਾ ਚਾਹੁੰਦਾ, ਉਸ ਕੋਲ ਸਮਾਂ ਨਹੀਂ ਹੈ ਤਾਂ ਗੁੱਸੇ 'ਚ ਆ ਕੇ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਨੇੜਿਓਂ ਲੰਘ ਰਹੇ ਇਕ ਵਿਅਕਤੀ ਨੇ ਉਸ ਨੂੰ ਬਚਾਇਆ ਤੇ ਮੌਕੇ ਤੋਂ ਭਜਾ ਦਿੱਤਾ।ਇਸ ਤੋਂ ਬਾਅਦ ਮੁਲਜ਼ਮ ਨੌਜਵਾਨ ਉਸ ਦਾ ਪਿੱਛਾ ਕਰਦੇ ਹੋਏ ਉਸ ਦੇ ਘਰ ਦੇ ਬਾਹਰ ਪਹੁੰਚ ਗਏ।
ਪਰਿਵਾਰਕ ਮੈਂਬਰਾਂ ਨੇ ਤਰੁੰਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਹਰਜੋਤ ਮੁਤਾਬਿਕ ਕੁੱਟਮਾਰ ਸਮੇਂ ਉਸ ਦਾ ਮੋਬਾਈਲ ਮੌਕੇ 'ਤੇ ਡਿੱਗ ਗਿਆ ਸੀ। ਉਸ ਨੂੰ ਸ਼ੱਕ ਹੈ ਕਿ ਮੁਲਜ਼ਮ ਨੌਜਵਾਨਾਂ ਨੇ ਉਸ ਦਾ ਮੋਬਾਈਲ ਆਪਣੇ ਕੋਲ ਰੱਖ ਲਿਆ ਹੈ। ਏਐੱਸਆਈ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ।



