ਕਪੂਰਥਲਾ : ਪਿੰਡ ਸ਼ੇਖੂਪੁਰ ਵਿਚ ਸ਼ਰਧਾ-ਭਾਵਨਾ ਨਾਲ ਮਨਾਏ ਜਾ ਰਹੇ ਮਾਤਾ ਭੱਦਰਕਾਲੀ ਜੀ ਦੇ ਮੇਲੇ ਦੀ ਧਾਰਮਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀ ਡੀ. ਪੀ. ਐਸ ਖਰਬੰਦਾ ਨੇ ਪੰਜਾਬ ਲਿਕਰ ਲਾਇਸੰਸ ਰੂਲਜ਼, 1956 ਦੇ ਰੂਲ 37(9) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਿਤੀ 29 ਮਈ 2019 ਨੂੰ ਸ਼ਾਮ 6 ਵਜੇ ਸ਼ਾਲਾਮਾਰ ਬਾਗ, ਬ੍ਰਹਮਕੁੰਡ ਮੰਦਿਰ, ਕਪੂਰਥਲਾ ਤੋਂ ਸ਼ੁਰੂ ਹੋ ਰਹੀ ਸ਼ੋਭਾ ਯਾਤਰਾ ਦੇ ਪੈਂਦੇ ਰੂਟ 'ਤੇ ਸ਼ੋਭਾ ਯਾਤਰਾ ਦੌਰਾਨ ਸ਼ਰਾਬ ਦੇ ਠੇਕੇ ਮਿਤੀ 29 ਮਈ 2019 ਨੂੰ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਮਾਤਾ ਭੱਦਰਕਾਲੀ ਜੀ ਦਾ ਮੇਲਾ ਮਿਤੀ 29 ਅਤੇ 30 ਮਈ 2019 ਨੂੰ ਪਿੰਡ ਸ਼ੇਖੂਪੁਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਸੰਬਧ ਵਿਚ ਸ਼ੋਭਾ ਯਾਤਰਾ ਮਿਤੀ 29 ਮਈ 2019 (ਦਿਨ ਬੁੱਧਵਾਰ) ਨੂੰ ਕੱਢੀ ਜਾ ਰਹੀ ਹੈ, ਜੋ ਕਿ ਸ਼ਾਲਾਮਾਰ ਬਾਗ, ਬ੍ਰਹਮਕੁੰਡ ਮੰਦਿਰ, ਕਪੂਰਥਲਾ ਤੋਂ ਸ਼ਾਮ 6 ਵਜੇ ਸ਼ੁਰੂ ਹੋਵੇਗੀ ਅਤੇ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਲੰਘਦੇ ਹੋਏ ਰਾਤ ਤਕਰੀਬਨ 12 ਵਜੇ ਮਾਤਾ ਭੱਦਰਕਾਲੀ ਜੀ ਦੇ ਮੰਦਿਰ, ਪਿੰਡ ਸ਼ੇਖੂਪੁਰ ਵਿਖੇ ਸਮਾਪਤ ਹੋਵੇਗੀ।
ਇਸੇ ਤਰਾਂ ਜਾਰੀ ਕੀਤੇ ਇਕ ਵੱਖਰੇ ਹੁਕਮ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਮੇਲੇ ਦੀ ਧਾਰਮਿਕ ਮਹੱਤਤਾ ਨੂੰ ਮੁੱਖ ਰੱਖਦਿਆਂ ਸ਼ਹਿਰ ਕਪੂਰਥਲਾ ਵਿਚ ਮੀਟ ਵੇਚਣ ਵਾਲੀਆਂ ਦੁਕਾਨਾਂ ਮਿਤੀ 30 ਮਈ 2019 ਨੂੰ ਪੂਰਨ ਤੌਰ 'ਤੇ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ ਤਾਂ ਜੋ ਕਿਸੇ ਵੀ ਧਰਮ ਦੀ ਧਾਰਮਿਕ ਭਾਵਨਾ ਨੂੰ ਠੇਸ ਨਾ ਪਹੁੰਚੇ।



