ਕਪੂਰਥਲਾ : ਕੇਂਦਰੀ ਜੇਲ, ਕਪੂਰਥਲਾ ਵਿਖੇ ਅੱਜ ਇਕ ਵਿਸ਼ਾਲ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਦੌਰਾਨ ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀ. ਐਮ. ਸੀ) ਲੁਧਿਆਣਾ ਦੇ 28 ਮਾਹਿਰ ਡਾਕਟਰਾਂ ਵੱਲੋਂ 400 ਤੋਂ ਵੱਧ ਬੰਦੀਆਂ ਦੀ ਡਾਕਟਰੀ ਜਾਂਚ ਅਤੇ ਟੈਸਟ ਕਰਕੇ ਉਨਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ, ਜਿਨਾਂ ਵਿਚ 170 ਦੇ ਕਰੀਬ ਮਹਿਲਾਵਾਂ ਸ਼ਾਮਿਲ ਸਨ। ਮੈਡੀਕਲ ਕੈਂਪ ਦਾ ਸ਼ੁੱਭ ਆਰੰਭ ਜੇਲ ਸੁਪਰਡੈਂਟ ਸ੍ਰੀ ਐਸ. ਪੀ. ਖੰਨਾ ਨੇ ਸਾਂਝੇ ਤੌਰ 'ਤੇ ਕੀਤਾ। ਇਸ ਦੌਰਾਨ ਅੱਖਾਂ, ਹੱਡੀਆਂ, ਦੰਦਾਂ, ਨੱਕ-ਕੰਨ-ਗਲ਼ੇ, ਗਾਇਨੀ ਅਤੇ ਮੈਡੀਸਨ ਦੇ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੀ ਡੈਂਟਲ ਵੈਨ ਰਾਹੀਂ ਦੰਦਾਂ ਦੀਆਂ ਬਿਮਾਰੀਆਂ ਤੋਂ ਪੀੜਤ ਕੈਦੀਆਂ ਦਾ ਮੌਕੇ 'ਤੇ ਇਲਾਜ ਕੀਤਾ ਗਿਆ।
ਇਸ ਮੌਕੇ ਜੇਲ ਸੁਪਰਡੈਂਟ ਸ੍ਰੀ ਐਸ. ਪੀ ਖੰਨਾ ਨੇ ਦੱਸਿਆ ਕਿ ਜੇਲਾਂ ਤੇ ਸਹਿਕਾਰਤਾ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ, ਪ੍ਰਮੁੱਖ ਸਕੱਤਰ ਗ੍ਰਹਿ ਵਿਭਾਗ ਸ੍ਰੀ ਕਿਰਪਾ ਸ਼ੰਕਰ ਸਰੋਜ ਅਤੇ ਵਧੀਕ ਡਾਇਰੈਕਟਰ ਜਨਰਲ ਪੁਲਿਸ (ਜੇਲਾਂ) ਸ੍ਰੀ ਰੋਹਿਤ ਚੌਧਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੇਲ ਵਿਚ ਮਾਰਚ 2020 ਤੱਕ ਹਰੇਕ ਮਹੀਨੇ ਖੇਡਾਂ, ਸੱਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮਾਂ ਆਦਿ ਦਾ ਕੈਲੰਡਰ ਤਿਆਰ ਕੀਤਾ ਗਿਆ ਹੈ, ਜਿਸ ਤਹਿਤ ਕੇਂਦਰੀ ਜੇਲ ਵਿਖੇ ਹਰੇਕ ਮਹੀਨੇ ਮੈਡੀਕਲ ਕੈਂਪ ਲਗਾਏ ਜਾਣ ਤੋਂ ਇਲਾਵਾ ਖੇਡ ਮੁਕਾਬਲੇ, ਸੱਭਿਆਚਾਰਕ ਅਤੇ ਧਾਰਮਿਕ ਸਮਾਗਮ ਕਰਵਾਏ ਜਾਣਗੇ ਤਾਂ ਜੋ ਬੰਦੀਆਂ ਦੀ ਸੋਚ ਬਦਲੀ ਜਾ ਸਕੇ ਅਤੇ ਉਹ ਜੇਲ ਤੋਂ ਰਿਹਾਈ ਉਪਰੰਤ ਇਕ ਵਧੀਆ ਨਾਗਰਿਕ ਬਣ ਕੇ ਇਕ ਚੰਗੇ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾ ਸਕਣ।
ਉਨਾਂ ਕਿਹਾ ਕਿ ਮੈਡੀਕਲ ਕੈਂਪ ਲਗਾਏ ਜਾਣ ਨਾਲ ਬੰਦੀਆਂ ਦਾ ਇਲਾਜ ਮਾਹਿਰ ਡਾਕਟਰਾਂ ਰਾਹੀਂ ਜੇਲ ਅੰਦਰ ਹੀ ਹੋ ਜਾਂਦਾ ਹੈ ਅਤੇ ਉਨਾਂ ਨੂੰ ਬਾਹਰ ਹਸਪਤਾਲ ਆਦਿ ਲਿਜਾਣ ਦੀ ਲੋੜ ਨਹੀਂ ਪੈਂਦੀ। ਇਸ ਨਾਲ ਜਿਥੇ ਟ੍ਰਾਂਸਪੋਰਟੇਸ਼ਨ ਅਤੇ ਗਾਰਦ ਆਦਿ ਦਾ ਖ਼ਰਚਾ ਬਚਿਆ ਹੈ, ਉਥੇ ਉਨਾਂ ਦੇ ਫਰਾਰ ਆਦਿ ਹੋਣ ਦਾ ਡਰ ਵੀ ਖ਼ਤਮ ਹੋ ਗਿਆ ਹੈ। ਉਨਾਂ ਕਿਹਾ ਕਿ ਜੇਲ ਪ੍ਰਸ਼ਾਸਨ ਵੱਲੋਂ ਜਲੰਧਰ ਅਤੇ ਕਪੂਰਥਲਾ ਦੇ ਸਿਵਲ ਸਰਜਨ ਸਾਹਿਬਾਨ ਨੂੰ ਜੇਲ ਅੰਦਰ ਹੀ ਇਕ ਏ. ਆਰ. ਟੀ ਸੈਂਟਰ ਖੋਲਣ ਲਈ ਲਿਖਿਆ ਗਿਆ ਹੈ, ਤਾਂ ਜੋ ਐਚ. ਆਈ. ਵੀ ਦੇ ਮਰੀਜ਼ਾਂ ਨੂੰ ਬਾਹਰ ਭੇਜਣ ਦੀ ਲੋੜ ਨਾ ਪਵੇ।
ਇਸ ਮੈਡੀਕਲ ਕੈਂਪ ਵਿਚ ਸੀ. ਐਮ. ਸੀ ਲੁਧਿਆਣਾ ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ ਦੀ ਅਗਵਾਈ ਵਾਲੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ, ਜਿਨਾਂ ਵਿਚ ਕਮਿਊਨਿਟੀ ਮੈਡੀਸਨ ਦੇ ਮਾਹਿਰ ਡਾ. ਅਰਪਿਤਾ, ਦੰਦਾਂ ਦੇ ਮਾਹਿਰ ਡਾ. ਵਿਵੇਕ ਗੁਪਤਾ, ਈ. ਐਨ. ਟੀ ਮਾਹਿਰ ਡਾ. ਡੌਲੀ ਅਗਰਵਾਲ, ਅੱਖਾਂ ਦੇ ਮਾਹਿਰ ਡਾ. ਅਨੁਭਵ ਬਵੇਜਾ, ਆਰਥੋ ਮਾਹਿਰ ਡਾ. ਨਿਤਿਸ਼ ਚਾਵਲਾ, ਮੈਡੀਸਨ ਮਾਹਿਰ ਡਾ. ਅਨੀਸ਼ ਫਿਲਿਪ, ਔਰਤ ਰੋਗਾਂ ਦੇ ਮਾਹਿਰ ਡਾ. ਰੁਚੀ ਵਸ਼ਿਸ਼ਟ, ਚਮੜੀ ਰੋਗਾਂ ਦੇ ਮਾਹਿਰ ਡਾ. ਐਨ ਵਿਲੀਅਮ ਥਾਮਸ ਅਤੇ ਡਾ. ਐਸ. ਐਸ. ਸੇਠੀ ਸ਼ਾਮਿਲ ਸਨ। ਇਸ ਮੌਕੇ ਵਧੀਕ ਸੁਪਰਡੈਂਟ ਜੇਲ ਸ. ਕੁਲਵੰਤ ਸਿੰਘ ਸਿੱਧੂ, ਡਿਪਟੀ ਸੁਪਰਡੈਂਟ ਜੇਲ ਨਵਇੰਦਰ ਸਿੰਘ, ਜੇਲ ਵੈਲਫੇਅਰ ਅਫ਼ਸਰ ਸ. ਅਮਰੀਕ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।



