ਸੁੱਕ ਰਹੇ ਸੋਮੇ, ਹੋਕਾ ਹਰ ਥਾਂ ‘ਤੇ ਲਾਉਣਾ ਪਊ, ਜੀਵਨ ਬਚਾਉਣਾ ਹੈ ਤਾਂ ਪਾਣੀ ਵੀ ਬਚਾਉਣਾ ਪਊ

by mediateam

ਬਠਿੰਡਾ : ਸੂਬੇ ਅੰਦਰ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਲਗਾਤਾਰ ਹੇਠਾਂ ਵੱਲ ਜਾ ਰਹੀ ਹੈ। ਇਸ ਨੂੰ ਲੈ ਕੇ ਖੇਤੀ ਮਾਹਿਰ ਚਿਤਵਾਨੀ ਦਿੰਦੇ ਆ ਰਹੇ ਹਨ ਕਿ ਧਰਤੀ ਹੇਠ ਸਿਰਫ਼ 8 ਤੋਂ 10 ਸਾਲਾਂ ਲਈ ਪਾਣੀ ਬਚਿਆ ਹੈ। ਜੇ ਇਸੇ ਰਫ਼ਤਾਰ ਨਾਲ ਪਾਣੀ ਧਰਤੀ ਹੇਠੋਂ ਕੱਢਿਆ ਜਾਣ ਲੱਗਾ ਤਾਂ ਪੰਜਾਬ, ਮਾਰੂਥਲ ਬਣ ਜਾਵੇਗਾ। ਮਾਹਿਰਾਂ ਵੱਲੋਂ 2022 ਤਕ ਸੂਬੇ ਅੰਦਰ ਸੋਕੇ ਵਰਗੇ ਹਾਲਤ ਪੈਦਾ ਹੋਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਇਸ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਹੁਣ ਗਾਇਕ ਅੱਗੇ ਆਏ ਹਨ।ਇਸ ਬਾਰੇ ਗਾਇਕ ਦੁਰਗਾ ਰੰਗੀਲਾ ਨੇ ਕਿਹਾ ਹੈ ਕਿ ਪੰਜਾਬੀਆਂ ਨੂੰ ਹੁਣ ਤੋਂ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਇਕ ਗਾਣਾ ਗਾਇਆ ਹੈ ਜਿਸ ਦੇ ਬੋਲ ਹਨ, ''ਸੁੱਕ ਰਹੇ ਸੋਮੇ, ਹੋਕਾ ਹਰ ਥਾਂ 'ਤੇ ਲਾਉਣਾ ਪਊ, ਜੀਵਨ ਬਚਾਉਣਾ ਹੈ ਤਾਂ ਪਾਣੀ ਵੀ ਬਚਾਉਣਾ ਪਊ।'' 

ਇਸ ਗੀਤ ਰਾਹੀ ਗਾਇਕ ਨੇ ਧਰਤੀ ਹੇਠਲੇ ਪਾਣੀ ਦੀ ਸਤ੍ਹਾ ਹੇਠਾਂ ਵੱਲ ਜਾਣ 'ਤੇ ਫਿਕਰਮੰਦੀ ਜ਼ਾਹਿਰ ਕੀਤੀ ਹੈ। ਇਹ ਸਤਰਾਂ ਬੰਜਰ ਜਮੀਨ ਹੋਜੂ, ਜ਼ਿੰਦਗੀ ਦਾ ਨਾਸ ਵੀ, ਫੇਰ ਤੁਸੀਂ, ਕਿਸੇ 'ਤੇ ਵੀ ਰੱਖਿਓ ਨਾ ਆਸ ਜੀ, ਏਸ ਲਈ ਸਭਨਾਂ ਨੂੰ ਹੁਣ ਅੱਗੇ ਆਉਣਾ ਪਊ। ਉਨ੍ਹਾਂ ਆਪਣੇ ਗਾਣੇ ਵਿਚ ਫ਼ਸਲੀ ਭਿੰਨਤਾ ਅਪਣਾਉਣ ਤੇ ਪਾਣੀ ਦੀ ਬੱਚਤ ਕਰਨ ਦਾ ਹੋਕਾ ਦਿੱਤਾ ਹੈ।ਸੂਬੇ ਵਿਚ ਝੋਨੇ ਹੇਠ ਰਕਬਾ ਵਧਣ ਕਾਰਨ ਧਰਤੀ ਹੇਠਲੇ ਪਾਣੀ ਦੀ ਅੰਨ੍ਹੀ ਵਰਤੋਂ ਹੋ ਰਹੀ ਹੈ। ਫ਼ਸਲੀ ਭਿੰਨਤਾ ਦੇਣ ਵਿਚ ਨਾਕਾਮ ਰਹਿਣ ਕਾਰਨ ਪੰਜਾਬ ਵਿਚ ਹਰ ਸਾਲ ਝੋਨੇ ਹੇਠ ਰਕਬਾ ਵੱਧ ਰਿਹਾ ਹੈ। ਖੇਤੀਬਾੜੀ ਵਿਭਾਗ ਮੁਤਾਬਕ ਪੰਜਾਬ ਵਿਚ ਹਰ ਸਾਲ ਢਾਈ ਫੁੱਟ ਪਾਣੀ ਦੀ ਸਤ੍ਹਾ ਹੇਠਾਂ ਡਿੱਗ ਰਹੀ ਹੈ। 

ਸੂਬੇ ਵਿਚ 1970 ਵਿਚ ਟਿਊਬਵੈੱਲਾਂ ਦੀ ਗਿਣਤੀ ਲਗਪਗ ਡੇਢ ਲੱਖ ਸੀ, ਜੋ ਮੌਜੂਦਾ ਸਮੇਂ 14 ਲੱਖ ਤੋਂ ਵੱਧ ਹੈ।1970 ਵਿਚ ਝੋਨੇ ਹੇਠ ਰਕਬਾ ਲਗਪਗ 3.90 ਲੱਖ ਹੈਕਟੇਅਰ ਸੀ ਜੋ ਹੁਣ ਵਧ ਕੇ 31 ਲੱਖ ਹੈਕਟੇਅਰ 'ਤੇ ਪੁੱਜ ਗਿਆ ਹੈ। ਇਹ ਸੂਬੇ ਦੇ ਕੁਲ ਖੇਤੀਬਾੜੀ ਰਕਬੇ ਦਾ 67 ਫ਼ੀਸਦੀ ਬਣਦਾ ਹੈ। ਝੋਨੇ ਹੇਠ ਰਕਬਾ ਵਧਣ ਦਾ ਨਤੀਜਾ ਇਹ ਨਿਕਲਿਆ ਕਿ ਧਰਤੀ ਹੇਠਲੇ 148 ਬਲਾਕਾਂ ਵਿੱਚੋਂ 110 ਬਲਾਕਾਂ ਨੂੰ ਡਾਰਕ ਜ਼ੋਨ ਕਰਾਰ ਦਿੱਤਾ ਗਿਆ ਹੈ। ਧਰਤੀ ਹੇਠਲੇ ਪਾਣੀ ਦੀ ਕੁਲ ਵਰਤੋਂ ਦਾ 70 ਫ਼ੀਸਦੀ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ, ਸੈਂਟਰਲ ਗਰਾਊੁਂਡ ਵਾਟਰ ਬੋਰਡ ਵੱਲੋਂ 5 ਜ਼ੋਨਾਂ ਕਿ੍ਟੀਕਲ, 4 ਸੈਮੀ ਕਿ੍ਟੀਕਲ ਤੇ 103 ਓਵਰ ਐਕਸਪਲਾਇਟਿਡ ਜ਼ੋਨ ਐਲਾਨ ਕੀਤੇ ਹੋਏ ਹਨ।ਬੋਰਡ ਨੇ ਸੂਬੇ ਦੇ 9 ਜ਼ਿਲਿ੍ਆਂ ਦੇ 18 ਬਲਾਕਾਂ ਵਿਚ ਨਵੇਂ ਟਿਊਬਵੈੱਲ ਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਪਾਣੀ ਦੇ ਮਾਮਲੇ ਵਿਚ ਪੰਜਾਬ ਅਤਿ ਚਿੰਤਾਜਨਕ ਸਥਿਤੀ 'ਤੇ ਖੜ੍ਹਾ ਹੈ। ਬਠਿੰਡਾ ਜ਼ਿਲ੍ਹੇ ਅੰਦਰ ਹਰ ਸਾਲ 2 ਫੁੁੱਟ ਦੇ ਕਰੀਬ ਪਾਣੀ ਹੇਠਾਂ ਵੱਲ ਜਾ ਰਿਹਾ ਹੈ।

More News

NRI Post
..
NRI Post
..
NRI Post
..