ਹਥਿਆਰਾਂ ਨਾਲ ਲੈਸ 4 ਲੁਟੇਰਿਆਂ ਵਲੋਂ SBI ਬੈਂਕ ਦਾ ATM ਲੁੱਟਣ ਦੀ ਕੋਸ਼ਿਸ਼

by mediateam

ਰੂਪਨਗਰ : ਸ਼ੁੱਕਰਵਾਰ ਤੜਕੇ ਤਿੰਨ ਵਜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਚਾਰ ਨਕਾਬਪੋਸ਼ ਲੁਟੇਰਿਆਂ ਵਲੋਂ ਸ਼ਹਿਰ ਦੇ ਮੇਨ ਬਾਜ਼ਾਰ ਸਥਿਤ ਐਕਸਿਸ ਬੈਂਕ ਅਤੇ ਲਹਿਰੀਸ਼ਾਹ ਮੰਦਰ ਰੋਡ ਸਥਿਤ ਐੱਸਬੀਆਈ ਬੈਂਕ ਦੇ ਏਟੀਐੱਮ ਲੁੱਟਣ ਦੀ ਕੋਸ਼ਿਸ਼ ਕੀਤੀ। ਐਕਸਿਸ ਬੈਂਕ ਦਾ ਲੁਟੇਰਿਆਂ ਨੇ ਸੀਸੀਟੀਵੀ ਕੈਮਰਾ ਤੋੜ ਦਿੱਤਾ ਅਤੇ ਅਲਾਰਮ ਵੱਜਣ 'ਤੇ ਚਾਰੋ ਲੁਟੇਰੇ ਉੱਥੋਂ ਮੇਨ ਬਾਜ਼ਾਰ ਵੱਲ ਭੱਜ ਗਏ। ਇਸ ਉਪਰੰਤ ਉਨ੍ਹਾਂ ਲਹਿਰੀ ਸ਼ਾਹ ਮੰਦਰ ਰੋਡ ਸਥਿਤ ਐੱਸਬੀਆਈ ਬੈਂਕ ਦਾ ਏਟੀਐੱਮ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਮਸ਼ੀਨ ਨੂੰ ਖੋਲ੍ਹ ਲਿਆ, ਪਰ ਕੈਸ਼ ਵਾਲਾ ਬਾਕਸ ਨਹੀਂ ਖੁੱਲ੍ਹ ਸਕਿਆ ਅਤੇ ਉਹ ਖ਼ਾਲੀ ਹੱਥ ਵਾਪਸ ਚਲੇ ਗਏ। ਮੇਨ ਬਾਜ਼ਾਰ 'ਚ ਲੱਗੇ ਸੀਸੀਟੀਵੀ ਕੈਮਰੇ 'ਚ ਇਹ ਪੂਰੀ ਵਾਰਦਾਤ ਕੈਦ ਹੋ ਗਈ ਹੈ ਜਿਸ ਤੋਂ ਪਤਾ ਲੱਗਿਆ ਕਿ ਚਾਰ ਲੁਟੇਰਿਆਂ ਨੇ ਵਾਰਾਦਾਤਾਂ ਨੂੰ ਅੰਜਾਮ ਦਿੱਤਾ। 

ਥਾਣਾ ਸਿਟੀ ਪੁਲਿਸ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿੰਗਰ ਪ੍ਰਿੰਟ ਟੀਮਾਂ ਵਲੋਂ ਦੋਵੇਂ ਏਟੀਐਮ ਮਸ਼ੀਨਾਂ 'ਤੇ ਜਾਂਚ ਕੀਤੀ ਗਈ ਹੈ।ਚੇਤੇ ਰਹੇ ਕਿ 8 ਮਈ ਨੂੰ ਪੁਰਾਣੇ ਬੱਸ ਅੱਡੇ ਰੋਪੜ ਕੋਲ ਸਥਿਤ ਆਈਸੀਆਈਸੀਆਈ ਬੈਂਕ ਦੀ ਏਟੀਐੱਮ ਮਸ਼ੀਨ ਨੂੰ ਚਾਰ ਲੁਟੇਰੇ ਕਰੇਨ ਦੀ ਮੱਦਦ ਨਾਲ ਪੁੱਟ ਕੇ ਆਪਣੀ ਕਾਰ 'ਚ ਰੱਖ ਕੇ ਲੈ ਗਏ ਸਨ। ਦਿਨ-ਰਾਤ ਪੁਰਾਣੇ ਬੱਸ ਅੱਡੇ ਕੋਲ ਵਾਹਨਾਂ ਦੀ ਆਵਾਜਾਈ ਰਹਿਣ ਦੇ ਬਾਵਜੂਦ ਲੁਟੇਰਿਆਂ ਵਲੋਂ ਰਾਤ ਨੂੰ ਏਟੀਐੱਮ ਮਸ਼ੀਨ ਪੁੱਟ ਕੇ ਲਿਜਾਣ ਦੇ ਮਾਮਲੇ ਦੀ ਪੂਰੇ ਸ਼ਹਿਰ 'ਚ ਚਰਚਾ ਸੀ। ਹੁਣ ਫਿਰ ਲੁਟੇਰਿਆਂ ਵਲੋਂ ਏਟੀਐੱਮ ਲੁੱਟਣ ਦੀ ਕੋਸ਼ਿਸ਼ ਕਰਨ ਨਾਲ ਲੋਕਾਂ 'ਚ ਸਹਿਮ ਦਾ ਮਾਹੌਲ ਹੈ।

ਲੁਟੇਰੇ ਬਿਨਾਂ ਕਿਸੇ ਡਰ ਦੇ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਪੁਰਾਣੇ ਬੱਸ ਅੱਡੇ ਕੋਲ ਜੋ ਏਟੀਐੱਮ ਲੁੱਟਿਆ ਗਿਆ ਸੀ, ਉਸ ਵਿਚ 8-9 ਲੱਖ ਰੁਪਏ ਕੈਸ਼ ਸੀ।ਸ਼ਹਿਰ ਵਿਚ ਲੁਟੇਰਿਆਂ ਵਲੋਂ ਏਟੀਐਮ ਲੁੱਟਣ ਦੀ ਕੋਸ਼ਿਸ਼ ਦੇ ਮਾਮਲੇ ਤੋਂ ਬਾਅਦ ਦੁਕਾਨਦਾਰਾਂ 'ਚ ਵੀ ਸਹਿਮ ਪਾਇਆ ਜਾ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਪੁਲਿਸ ਨੂੰ ਰਾਤ ਨੂੰ ਗਸ਼ਤ ਵਧਾਉਣੀ ਚਾਹੀਦੀ ਹੈ ਤਾਂ ਜੋੇ ਹੋਰ ਚੋਰੀਆਂ ਅਤੇ ਲੁੱਟ ਦੀਆਂ ਵਾਰਦਾਤਾਂ ਨਾ ਹੋ ਸਕਣ। ਕਾਬਿਲੇਗੌਰ ਹੈ ਕਿ ਸ਼ਹਿਰ ਵਿਚ ਪਿਛਲੇ ਮਹੀਨਿਆਂ ਤੋਂ ਘਰਾਂ, ਦੁਕਾਨਾਂ, ਗੈਸ ਏਜੰਸੀਆਂ ਤੇ ਸਕੂਲਾਂ 'ਚ ਚੋਰੀਆਂ ਹੋ ਰਹੀਆਂ ਹਨ। ਚੋਰੀਆਂ ਹੋਣ ਕਰਕੇ ਲੋਕਾਂ 'ਚ ਸਹਿਮ ਬਣਿਆ ਹੋਇਆ ਹੈ।

More News

NRI Post
..
NRI Post
..
NRI Post
..