ਕਪੂਰਥਲਾ : ਪਵਿੱਤਰ ਕਾਲੀ ਵੇਈਂ ਦੀ ਪਵਿੱਤਰਤਾ ਨੂੰ ਬਹਾਲ ਕਰਨ ਲਈ ਕੌਮੀ ਗ੍ਰੀਨ ਟ੍ਰਿਬਿਊੁਨਲ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡਾਂ ਦਾ ਨਿਕਾਸੀ ਪਾਣੀ ਵੇਈਂ ਵਿਚ ਪੈਣ ਤੋਂ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ ਵੱਲੋਂ ਪਿੰਡ ਖੈੜਾ ਦੋਨਾ ਦਾ ਦੌਰਾ ਕੀਤਾ ਗਿਆ। ਇਸ ਪਿੰਡ ਦਾ ਨਿਕਾਸੀ ਪਾਣੀ ਨੂੰ 47 ਲੱਖ ਰੁਪਏ ਦੇ ਖ਼ਰਚੇ ਨਾਲ ਵੇਈਂ ਤੋਂ ਪਾਰ ਲਿਜਾ ਕੇ ਛੱਪੜ ਬਣਾ ਕੇ ਸਿੰਚਾਈ ਲਈ ਵਰਤਣ ਦਾ ਪ੍ਰਾਜੈਕਟ ਬਣਾਇਆ ਗਿਆ ਸੀ, ਪਰੰਤੂ ਇਹ ਚਾਲੂ ਨਹੀਂ ਹੋ ਸਕਿਆ।
ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਦੀ ਹਦਾਇਤ 'ਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਇਸ ਪ੍ਰਾਜੈਕਟ ਦਾ ਮੌਕਾ ਦੇਖਿਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ 4 ਸਾਲ ਪਹਿਲਾਂ ਤਿਆਰ ਕੀਤੇ ਇਸ ਪ੍ਰਾਜੈਕਟ ਤਹਿਤ ਛੱਪੜ ਵਿਚ ਪਾਣੀ ਪਹੁੰਚ ਹੀ ਨਹੀਂ ਸਕਿਆ। ਉਨਾਂ ਪੰਚਾਇਤੀ ਰਾਜ ਦੇ ਐਕਸੀਅਨ ਸ੍ਰੀ ਸੰਦੀਪ ਸ੍ਰੀਧਰ ਅਤੇ ਐਸ. ਡੀ. ਓ ਸ੍ਰੀ ਰਾਕੇਸ਼ ਮਹਾਜਨ ਨੂੰ ਹਦਾਇਤ ਕੀਤੀ ਕਿ ਇਸ ਦਾ ਪੰਪਿੰਗ ਸਿਸਟਮ ਚਾਲੂ ਕਰਕੇ ਇਕ ਹਫ਼ਤੇ ਵਿਚ ਪਾਣੀ ਛੱਪੜ ਵਿਚ ਪਾਇਆ ਜਾਵੇ ਤਾਂ ਜੋ ਪਿੰਡ ਦਾ ਗੰਦਾ ਪਾਣੀ ਵਾਤਾਵਰਨ ਨੂੰ ਪ੍ਰਦੂਸ਼ਿਤ ਨਾ ਕਰ ਸਕੇ।
ਉਨਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਛੱਪੜ ਵਿਚ ਲਿਜਾਏ ਗਏ ਪਾਣੀ ਨੂੰ ਲਿਫਟ ਕਰਕੇ ਸਿੰਚਾਈ ਦੇ ਮੰਤਵ ਲਈ ਵਿਛਾਈਆਂ ਪਾਈਪ ਲਾਈਨਾ ਰਾਹੀਂ ਖੇਤਾਂ ਵਿਚ ਪਹੁੰਚਾਇਆ ਜਾਵੇ, ਤਾਂ ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸਾਵਾਂ ਕੀਤਾ ਜਾ ਸਕੇ। ਇਸ ਮੌਕੇ ਪਿੰਡ ਦੇ ਸਰਪੰਚ ਸ. ਸਰਬਜੀਤ ਸਿੰਘ, ਸ੍ਰੀ ਰੋਸ਼ਨ ਖੈੜਾ, ਸ੍ਰੀ ਸਾਹਿਲ ਓਬਰਾਏ ਤੇ ਹੋਰ ਹਾਜ਼ਰ ਸਨ।



