ਅੰਮ੍ਰਿਤਸਰ : ਸਪੈਸ਼ਲ ਟਾਸਕ ਫੋਰਸ ਨੇ ਹੈਰੋਇਨ ਤਸਕਰੀ ਮਾਮਲੇ 'ਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨ ਸਮੇਤ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ 'ਤੋਂ ਇਕ ਕਿਲੋ 300 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। BSF ਦਾ ਜਵਾਨ ਦਾਊ ਦੇ ਪੋਸਟ 'ਤੇ ਸਰਦੀਆਂ ਦੇ ਦਿਨਾਂ 'ਚ ਡਿਊਟੀ ਕਰ ਚੁੱਕਾ ਹੈ। STF ਪਤਾ ਲਗਾ ਰਹੀ ਹੈ ਕਿ ਜਵਾਨ ਦੇ ਇਸ਼ਾਰੇ 'ਤੇ ਕਿੰਨੀ ਕੰਸਾਈਨਮੈਂਟ ਬਾਰਡਰ ਪਾਰ ਹੋ ਚੁੱਕੀ ਹੈ। ਮੁਲਜ਼ਮ BSF ਜਵਾਨ ਸੁਨੀਲ ਕੁਮਾਰ ਮੱਧ ਪ੍ਰਦੇਸ਼ ਦੇ ਬਣੀ ਬੋਰ ਤਲਾਈ ਜਗ੍ਹਾ ਦਾ ਰਹਿਣ ਵਾਲਾ ਹੈ। ਉਹ ਸਾਲ 2016 'ਚ ਪੰਜਾਬ 'ਚ ਤਾਇਨਾਤ ਹੈ।
ਹੁਣ ਤਕ ਦੀ ਪੁਲਿਸ ਜਾਂਚ ਵਿਚ ਪਤਾ ਚੱਲਿਆ ਹੈ ਕਿ ਬਾਰਡਰ 'ਤੇ ਸਰਦੀਆਂ 'ਚ ਧੁੰਦ 'ਚ ਗਸ਼ਤ ਦੌਰਾਨ ਇਕ ਖੇਤ 'ਚੋਂ ਤਿੰਨ ਪੈਕਟ ਪਏ ਮਿਲੇ ਸਨ। ਉਸ ਨੇ ਇਨ੍ਹਾਂ ਨੂੰ ਵਿਭਾਗ ਨੂੰ ਸੌਂਪਣ ਦੀ ਬਜਾਏ ਕੁਆਰਟਰ ਲਿਆ ਕੇ ਸੰਭਾਲ ਕੇ ਰੱਖਿਆ ਸੀ ਸੀ। ਉਸ ਦਾ ਇਰਾਦਾ ਹੈਰੋਇਨ ਵੇਚ ਕੇ ਪੈਸੇ ਕਮਾਉਣ ਦਾ ਸੀ। ਇਸੇ ਦੌਰਾਨ ਜਦੋਂ ਉਸ ਨੇ ਕੁਝ ਸਥਾਨਕ ਲੋਕਾਂ ਨੂੰ ਹੈਰੋਇਨ ਵੇਚੀ ਤਾਂ ਉਹ ਪੁਲਿਸ 'ਤੇ ਹੱਥੇ ਚੜ੍ਹ ਗਿਆ। ਪੁਲਿਸ ਨੇ ਸੁਨੀਲ ਤੋਂ ਇਲਾਵਾ ਸਥਾਨਕ ਨਿਵਾਸੀ ਗੌਰਵ ਸ਼ਰਮਾ, ਅਸ਼ਵਨੀ ਕੁਮਾਰ, ਪਵਨ ਕੁਮਾਰ ਤੇ ਰਜਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਲੋਕਾਂ ਨੇ ਹੀ ਸੁਨੀਲ ਤੋਂ ਹੈਰੋਇਨ ਖ਼ਰੀਦੀ ਸੀ। ਪੁਲਿਸ ਨੇ ਪਹਿਲਾਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੁੱਛਗਿੱਛ ਦੌਰਾਨ ਉਨ੍ਹਾਂ ਸੁਨੀਲ ਦਾ ਨਾਂ ਲਿਆ। ਇਸ ਤੋਂ ਬਾਅਦ ਜਾਂਚ-ਪੜਤਾਲ ਤੋਂ ਬਾਅਦ ਸਨੀਲ ਨੂੰ ਗ੍ਰਿਫ਼ਤਾਰ ਕਰ ਲਿਆ।



