ਲਾਲੜੂ : ਪੰਜਾਬ ਪੁਲਿਸ ਦੇ ਲਾਲੜੂ ਥਾਣੇ 'ਚ ਟ੍ਰੈਫਿਕ ਪੁਲਿਸ ਦੇ ਥਾਣੇਦਾਰ ਨੂੰ ਆਟੋ ਚਾਲਕ ਦਾ ਪਿੱਛਾ ਕਰਦਿਆਂ ਹਰਿਆਣਾ ਦੀ ਹੱਦ 'ਚ ਵੜ ਕੇ ਉਸ ਨਾਲ ਕੁੱਟਮਾਰ ਕਰਨੀ ਮਹਿੰਗੀ ਪਈ। ਮਾਰਕੁੱਟ ਦੇ ਦੋਸ਼ 'ਚ ਉਥੇ ਆਟੋ ਚਾਲਕ ਸਮੇਤ ਮੌਜੂਦ ਰਾਹਗੀਰਾਂ ਨੇ ਉਸ ਨੂੰ ਘੇਰ ਲਿਆ ਤੇ ਉਸ 'ਤੇ ਸ਼ਰਾਬ ਪੀ ਕੇ ਆਟੋ ਚਾਲਕਾਂ ਕੋਲੋ ਪੈਸੇ ਲੈਣ ਦਾ ਦੋਸ਼ ਲਗਾਉਂਦਿਆਂ ਧੱਕਾ-ਮੁੱਕੀ ਕੀਤੀ ਤੇ ਥਾਣੇਦਾਰ ਨੂੰ ਕੁੱਟਣ 'ਤੇ ਉਤਰ ਆਏ। ਇਸ ਦੌਰਾਨ ਥਾਣੇਦਾਰ ਖ਼ੁਦ ਨੂੰ ਬਚਾਉਣ ਲਈ ਮੌਕੇ ਤੋਂ ਭੱਜਿਆ ਪਰ ਭੀੜ ਨੇ ਉਸ ਨੂੰ ਫਿਰ ਫੜ ਲਿਆ। ਉਕਤ ਦਿ੍ਸ਼ ਦਾ ਵੀਡੀਓ ਵਾਇਰਲ ਹੋਣ 'ਤੇ ਪੁਲਿਸ ਨੇ ਨਾ ਤਾਂ ਥਾਣੇਦਾਰ ਤੇ ਨਾ ਹੀ ਆਟੋ ਚਾਲਕ 'ਤੇ ਕੋਈ ਕਾਰਵਾਈ ਕੀਤੀ, ਜਿਸ ਕਾਰਨ ਅੰਬਾਲਾ-ਚੰਡਾਗੜ੍ਹ ਕੌਮੀ ਮਾਰਗ 'ਤੇ ਅੱਧਾ ਘੰਟਾ ਜਾਮ ਵਰਗੀ ਸਥਿਤੀ ਬਣੀ ਰਹੀ। ਵਾਇਰਲ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਖਾਕੀ ਵਰਦੀਧਾਰਕ ਪੰਜਾਬ ਪੁਲਿਸ ਦਾ ਏਐੱਸਆਈ ਨੀਪ ਖਾਨ ਆਟੋ ਦਾ ਪਿੱਛਾ ਕਰਦਿਆਂ ਹਰਿਆਣਾ 'ਚ ਕਰੀਬ 2 ਕਿਲੋਮੀਟਰ ਅੱਗੇ ਤਕ ਧੁਲਕੋਟ ਚੌਕ ਤਕ ਪੁੱਜਿਆ ਹੋਇਆ ਹੈ। ਉਸ ਦੇ ਨਾਲ ਇਕ ਟਰੈਫਿਕ ਮੁਲਾਜ਼ਮ ਪਲਵਿੰਦਰ ਸਿੰਘ ਵੀ ਹੈ।
ਚੌਕ 'ਚ ਸ਼ੀਤਲ ਨਾਮਕ ਆਟੋ ਚਾਲਕ ਮਾਰਕੁੱਟ ਦਾ ਦੋਸ਼ ਲਗਾਉਂਦਿਆਂ ਸੜਕ 'ਤੇ ਦਰਦ ਨਾਲ ਤੜਫ ਰਿਹਾ ਹੈ, ਜਦਕਿ ਏਐੱਸਆਈ 'ਤੇ ਗੁੱਸੇ 'ਚ ਆਈ ਭੀੜ ਪੈਸੇ ਲੈਣ ਤੇ ਸ਼ਰਾਬ ਪੀ ਕੇ ਆਟੋ ਚਾਲਕ ਨਾਲ ਮਾਰਕੁਟਾਈ ਕਰਨ ਦਾ ਦੋਸ਼ ਲਗਾ ਰਹੀ ਹੈ। ਭੀੜ ਥਾਣੇਦਾਰ ਨੂੰ ਕੁੱਟਣ 'ਤੇ ਉਤਰ ਰਹੀ ਹੈ, ਜਦਕਿ ਪੁਲਿਸ ਕਰਮੀ ਸਫਾਈ ਦੇ ਰਿਹਾ ਹੈ ਕਿ ਆਟੋ ਚਾਲਕ ਪੰਜਾਬ 'ਚ ਹਾਦਸਾ ਕਰਕੇ ਭੱਜਿਆ ਹੈ। ਪੁਲਿਸ ਮੁਲਾਜ਼ਮ ਭੀੜ ਨੂੰ ਦੇਖ ਕੇ ਭੱਜਦਾ ਹੈ। ਲਗਭਗ 200 ਮੀਟਰ ਪਿੱਛਾ ਕਰਦਿਆਂ ਲੋਕ ਉਸ ਨੂੰ ਫੜ ਲੈਂਦੇ ਹਨ ਤੇ ਧੱਕਾ ਮੁੱਕੀ ਕਰਦਿਆਂ ਥਾਣੇਦਾਰ ਨੂੰ ਉਸੇ ਚੌਕ ਕੋਲ ਲੈ ਆਉਂਦੇ ਹਨ, ਜਿਥੋਂ ਉਹ ਭੱਜਦਾ ਹੈ।ਉਥੇ ਚੰਡੀਗੜ੍ਹ ਪੁਲਿਸ ਤੇ ਬਲਦੇਵ ਨਗਰ ਥਾਣੇ ਦੇ ਪੁਲਿਸ ਮੁਲਾਜ਼ਮਾਂ ਨੇ ਪੰਜਾਬ ਥਾਣੇਦਾਰ ਦਾ ਬਚਾਅ ਕੀਤਾ। ਹੈਰਾਨੀ ਦੀ ਗੱਲ ਹੈ ਕਿ ਸਾਰੇ ਮਾਮਲੇ 'ਚ ਕਾਰਵਾਈ ਦੀ ਥਾਂ ਪੁਲਿਸ ਆਪਣੀ ਸਫਾਈ 'ਚ ਹੋਰ ਹੀ ਕਹਾਣੀ ਬਿਆਨ ਕਰਕੇ ਆਪਣੀ ਪਿੱਠ ਥਪ-ਥਪਾ ਰਹੀ ਹੈ।
ਟ੍ਰੈਫਿਕ ਇੰਚਾਰਜ ਬਲਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਬਦਨਾਮ ਕਰਨ ਦੇ ਲਈ ਆਟੋ ਚਾਲਕ ਯੂਨੀਅਨ ਵਾਲਿਆਂ ਦੇ ਨਾਲ ਮਿਲ ਕੇ ਇਹ ਡਰਾਮਾ ਰਚਿਆ ਗਿਆ ਸੀ, ਜਦਕਿ ਵਾਇਰਲ ਵੀਡੀਓ ਸਚਾਈ ਨਾਲੋ ਕੋਹਾਂ ਦੂਰ ਹੈ।ਲਾਲੜੂ ਟ੍ਰੈਫਿਕ ਇੰਚਾਰਜ ਬਲਵਿੰਦਰ ਸਿੰਘ ਅਨੁਸਾਰ ਪੁਲਿਸ ਤੇ ਟ੍ਰੈਫਿਕ ਪੁਲਿਸ ਦਾ ਸਵੇਰੇ ਕੌਮੀ ਮਾਰਗ 'ਤੇ ਲਾਲੜੂ 'ਚ ਨਾਕਾ ਲਗਿਆ ਹੋਇਆ ਸੀ ਤੇ ਇਸੇ ਦੌਰਾਨ ਪੰਜਾਬ 'ਚ ਚੱਲਣ ਵਾਲੇ ਹਰਿਆਣੇ ਦੇ 14 ਆਟੋਜ਼ ਦੇ ਚਲਾਨ ਕੀਤੇ ਗਏ, ਜਦਕਿ ਚਾਰ ਆਟੋ ਜ਼ਬਤ ਕੀਤੇ ਗਏ, ਜਿਨ੍ਹਾ ਕੋਲ ਪੂਰੇ ਦਸਤਾਵੇਜ਼ ਨਹੀਂ ਸਨ। ਇਸ ਦੌਰਾਨ ਚੰਡੀਗੜ੍ਹ ਵੱਲੋਂ ਆ ਰਿਹਾ ਇਕ ਆਟੋ ਦੋਵੇ ਨਾਕੇ ਤੋੜ ਕੇ ਫ਼ਰਾਰ ਹੋ ਗਿਆ। ਇੰਚਾਰਜ ਅਨੁਸਾਰ ਆਪਣੀ ਕਾਰ 'ਚ ਥਾਣੇਦਾਰ ਨੀਪ ਖਾਨ ਨੇ ਆਟੋ ਚਾਲਕ ਨੂੰ ਸਰਸੀਣੀ ਚੌਕ 'ਤੇ ਘੇਰ ਲਿਆ, ਪਰ ਉਹ ਰਾਂਗ ਸਾਈਡ ਅੰਬਾਲਾ ਵੱਲੋਂ ਭੱਜ ਗਿਆ ਤੇ ਹਰਿਆਣਾ ਬਾਰਡਰ 'ਚ ਦਾਖ਼ਲ ਹੋ ਗਿਆ। ਬਲਵਿੰਦਰ ਸਿੰਘ ਅਨੁਸਾਰ ਆਟੋ 'ਚ ਕੁੱਝ ਬੈਗ ਸਨ, ਜਿਸ 'ਚ ਨਸ਼ੀਲੇ ਪਦਾਰਥ ਹੋਣ ਦਾ ਸ਼ੱਕ ਸੀ, ਜਿਸ ਪ੍ਰਕਾਰ ਉਹ ਨਾਕੇ ਤੋੜ ਕੇ ਭੱਜਿਆ ਤਾਂ ਸ਼ੱਕ ਹੋਰ ਵੀ ਗੂੜਾ ਹੋ ਗਿਆ।
ਉਨ੍ਹਾਂ ਕਿਹਾ ਕਿ ਸ਼ੀਤਲ ਦੇ ਫੜੇ ਜਾਣ 'ਤੇ ਮਾਮਲੇ ਨੂੰ ਗਲਤ ਰੰਗਤ ਦਿੱਤੀ ਗਈ ਹੈ। ਬਲਵਿੰਦਰ ਸਿੰਘ ਅਨੁਸਾਰ ਖਾਨ ਨੇ ਆਟੋ ਚਾਲਕ ਨੂੰ ਨਹੀਂ ਕੁੱਟਿਆ ਸਗੋਂ ਆਟੋ ਚਾਲਕ ਨੇ ਲੋਕਾਂ ਸਾਹਮਣੇ ਆਪਣੇ ਸਾਥੀਆਂ ਨਾਲ ਮਿਲ ਕੇ ਡਰਾਮੇਬਾਜ਼ੀ ਕੀਤੀ ਅਤੇ ਪੁਲਿਸ 'ਤੇ ਗਲਤ ਦੋਸ਼ ਲਾਏ ਗਏ।ਇੰਚਾਰਜ ਬਲਵਿੰਦਰ ਸਿੰਘ ਨੂੰ ਜਦੋ ਪੁੱਿਛਆ ਗਿਆ ਸਰਾਬ ਪੀਣ ਦੇ ਦੋਸ਼ਾਂ ਦੀ ਸੱਚਾਈ ਜਾਨਣ ਲਈ ਥਾਣੇਦਾਰ ਨੀਪ ਖਾਨ ਦਾ ਮੈਡੀਕਲ ਕਿਉਂ ਨਹੀਂ ਕਰਵਾਇਆ ਗਿਆ ਤਾਂ ਬਲਵਿੰਦਰ ਸਿੰਘ ਨੇ ਕਿਹਾ ਕਿ ਏਐੱਸਆਈ ਨੇ ਸ਼ਰਾਬ ਪੀਤੀ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਸ਼ਰਾਬ ਪੀਤੀ ਸੀ ਕਿ ਨਹੀਂ ਇਸ ਬਾਰੇ ਤਾਂ ਮੈਡੀਕਲ ਅਫ਼ਸਰ ਹੀ ਦੱਸ ਸਕਦੇ ਸਨ। ਬਲਵਿੰਦਰ ਸਿੰਘ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾ ਤਹਿਤ ਨੀਪ ਖਾਨ ਦਾ ਮੈਡੀਕਲ ਨਹੀਂ ਕਰਵਾਇਆ ਗਿਆ। ਥਾਣੇਦਾਰ ਤੇ ਆਟੋ ਚਾਲਕ ਦਾ ਬਲਦੇਵ ਨਗਰ ਥਾਣੇ 'ਚ ਸਮਝੋਤਾ ਹੋ ਗਿਆ। ਆਟੋ ਚਾਲਕ ਸੀਤਲ ਨੇ ਆਪਣੀ ਗਲਤੀ ਮੰਨ ਲਈ, ਜਿਸ 'ਤੇ ਹਰਿਆਣਾ ਪੁਲਿਸ ਨੇ ਉਸ ਨੂੰ ਜਾਣ ਦਿੱਤਾ। ਬਲਦੇਵ ਨਗਰ ਥਾਣੇ 'ਚ ਸਬ ਇੰਸਪੈਕਟਰ ਓਮ ਪ੍ਰਕਾਸ਼ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਥਾਣੇ 'ਚ ਆਇਆ ਸੀ, ਪਰ ਪੁਲਿਸ ਕਾਰਵਾਈ ਤੋਂ ਪਹਿਲੇ ਹੀ ਪੰਜਾਬ ਦੇ ਥਾਣੇਦਾਰ ਤੇ ਆਟੋ ਚਾਲਕਾਂ ਨੇ ਆਪਸ 'ਚ ਸਮਝੌਤਾ ਕਰ ਲਿਆ ਸੀ। ਇਸ ਲਈ ਦੋਵਾਂ ਦਾ ਮੈਡੀਕਲ ਕਰਾਉਣ ਦੀ ਲੋੜ ਨਹੀਂ ਪਈ।



