ਚੋਰਾਂ ਨੇ 2 ਪੁਲਿਸ ਮੁਲਾਜ਼ਮਾਂ ਦੇ ਘਰਾਂ ਨੂੰ ਬਣਾਇਆ ਨਿਸ਼ਾਨਾ, 7 ਲੱਖ ਰੁਪਏ ਦੇ ਗਹਿਣਿਆਂ ਸਮੇਤ ਹੋਰ ਸਾਮਾਨ ਚੋਰੀ ਕਰ ਹੋਏ ਫ਼ਰਾਰ

by

ਕਲਾਨੌਰ : ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਭੰਡਾਲ ਵਿਖੇ ਵੀਰਵਾਰ ਰਾਤ ਚੋਰਾਂ ਨੇ ਦੋ ਪੁਲਿਸ ਮੁਲਾਜ਼ਮਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਅਤੇ ਤਕਰੀਬਨ 7 ਲੱਖ ਰੁਪਏ ਦਾ ਗਹਿਣਿਆਂ ਸਮੇਤ ਹੋਰ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਚੋਰ ਜਿੱਥੇ ਸੇਵਾ ਮੁਕਤ ਥਾਣੇਦਾਰ ਹਰਭਜਨ ਸਿੰਘ ਦੇ ਘਰੋਂ ਚੋਰੀ ਕਰ ਕੇ ਲਾਇਸੰਸੀ ਰਾਈਫਲ, ਨਕਦੀ ਅਤੇ ਸੋਨੇ ਸਮੇਤ ਪੌਣੇ ਦੋ ਲੱਖ ਦਾ ਸਾਮਾਨ ਚੋਰੀ ਕਰਕੇ ਲੈ ਗਏ ਸਨ, ਉੱਥੇ ਪਿੰਡ ਭੰਡਾਲ ਦੇ ਸਬ ਇੰਸਪੈਕਟਰ ਮੱਖਣ ਸਿੰਘ ਅਤੇ ਉਨ੍ਹਾਂ ਦੀ ਬੇਟੀ ਸਬ ਇੰਸਪੈਕਟਰ ਅੰਮ੍ਰਿਤਪਾਲ ਕੌਰ ਜੋ ਪੁਲfਸ ਥਾਣਾ ਸਿਟੀ ਗੁਰਦਾਸਪੁਰ ਵਿਖੇ ਤਾਇਨਾਤ ਹੈ, ਦੇ ਘਰੋਂ 5 ਲੱਖ 10 ਹਜ਼ਾਰ ਰੁਪਏ ਦਾ ਸਾਢੇ 17 ਤੋਲੇ ਸੋਨਾ ਚੋਰੀ ਕਰ ਕੇ ਲੈ ਗਏ। ਆਮ ਲੋਕਾਂ ਵਿੱਚ ਪੁਲਿਸ ਅਫਸਰਾਂ ਦੇ ਘਰ ਹੋਈ ਚੋਰੀ ਕਾਰਨ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ।

ਪਿੰਡ ਭੰਡਾਲ ਵਿਚ ਚੋਰਾਂ ਵੱਲੋਂ ਪੰਜਾਬ ਪੁਲਿਸ ਦੇ ਸਬ ਇੰਸਪੈਕਟਰਾਂ ਦੇ ਘਰ ਕੀਤੀ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਟੀਚਰ ਹਰਿੰਦਰ ਕੌਰ ਨੇ ਆਪਣੇ ਪਰਿਵਾਰ ਅਤੇ ਮੋਹਤਬਰਾਂ ਸਮੇਤ ਦੱਸਿਆ ਕਿ 25 ਜੂਨ ਦਿਨ ਸੋਮਵਾਰ ਨੂੰ ਆਪਣੀ ਬੇਟੀ ਸਬ ਇੰਸਪੈਕਟਰ ਅੰਮ੍ਰਿਤਪਾਲ ਕੌਰ, ਦਿਓਰ ਮਾਸਟਰ ਰਘਵਿੰਦਰ ਸਿੰਘ ਸਮੇਤ ਪਰਿਵਾਰ ਦੇ ਜੀਅ ਗਰਮੀਆਂ ਦੀਆਂ ਛੁੱਟੀਆਂ ਕੱਟਣ ਲਈ ਮਸੂਰੀ ਗਏ ਹੋਏ ਸਨ। ਸ਼ੁੱਕਰਵਾਰ ਦੇਰ ਸ਼ਾਮ ਜਦੋਂ ਉਹ ਮਸੂਰੀ ਤੋਂ ਪਰਤੇ ਤਾਂ ਘਰ ਦੇ ਮੇਨ ਗੇਟ ਦਾ ਜਿੰਦਰਾ ਖੋਲ੍ਹਣ ਤੋਂ ਇਲਾਵਾ ਘਰ ਅੰਦਰਲੇ ਦਰਵਾਜ਼ਿਆਂ ਦੇ ਜਿੰਦਰੇ ਵੀ ਖ਼ੁਦ ਖੋਲ੍ਹੇ। ਇਸ ਉਪਰੰਤ ਜਦੋਂ ਅੰਦਰ ਵੇਖਿਆ ਤਾਂ ਘਰ ਦਾ ਸਾਮਾਨ ਅਤੇ ਕੱਪੜੇ ਖਿਲਰੇ ਹੋਏ ਸਨ, ਉਸ ਨੇ ਦੇਖਿਆ ਕਿ ਜਦੋਂ ਉਸ ਨੇ ਆਪਣੇ ਕਮਰੇ ਵਿਚ ਪਏ ਬੈੱਡਾਂ ਦੀ ਢੋਅ ਦੇ ਖਾਨਿਆਂ 'ਚ ਰੱਖੇ ਗਹਿਣੇ ਵੇਖੇ ਤਾਂ ਉਹ ਗ਼ਾਇਬ ਸਨ।ਹਰਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪੰਜ ਤੋਲੇ ਦਾ ਸੋਨੇ ਦਾ ਸੈੱਟ, 2 ਚੂੜੀਆਂ ਦੋ ਤੋਲੇ, 1 ਸੋਨੇ ਦਾ ਟਿੱਕਾ 6 ਗ੍ਰਾਮ,3 ਮੁੰਦਰੀਆਂ ਜਨਾਨਾ, 3 ਮੁੰਦਰੀਆਂ ਮਰਦਾਨਾ ਜਿਨ੍ਹਾਂ ਦਾ ਵਜ਼ਨ 22 ਗ੍ਰਾਮ, 1 ਜੋੜਾ ਸੋਨੇ ਦੀਆਂ ਵਾਲੀਆਂ 1 ਤੋਲਾ ਸਮੇਤ 17 ਤੋਲੇ 7 ਗ੍ਰਾਮ ਸੋਨੇ ਦੇ ਗਹਿਣੇ ਜਿਨ੍ਹਾਂ ਦੀ ਕੀਮਤ 5 ਲੱਖ 10 ਹਜ਼ਾਰ ਰੁਪਏ ਬਣਦੀ ਹੈ ਸਮੇਤ 22 ਰੁਪਏ ਨਕਦੀ ਵੀ ਚੋਰ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਚੋਰ ਘਰ ਦੇ ਪਿਛਲੇ ਪਾਸੇ ਡਰਾਇੰਗ ਰੂਮ ਦੀ ਖਿੜਕੀ ਅਤੇ ਗਰਿੱਲ ਤੋੜ ਕੇ ਡਰਾਇੰਗ ਰੂਮ ਅੰਦਰ ਦਾਖਲ ਹੋਏ।

ਹਰਿੰਦਰ ਕੌਰ ਨੇ ਕਿਹਾ ਕਿ ਪੁਲਿਸ ਥਾਣਾ ਘੁੰਮਣ ਕਲਾਂ ਨੂੰ ਜਾਣੂੰ ਕਰਵਾਇਆ ਗਿਆ ਜਿੱਥੇ ਪੁਲਿਸ ਥਾਣੇ ਦੇ ਐੱਸਐੱਚਓ ਅਮਰੀਕ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮਾਂ ਵੱਲੋਂ ਚੋਰੀ ਦੀ ਘਟਨਾ ਦਾ ਜਾਇਜ਼ਾ ਲਿਆ ਗਿਆ। ਡੀਐੱਸਪੀ ਪ੍ਰਵੇਸ਼ ਚੋਪੜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਘਰੋਂ ਬਾਹਰ ਗਿਆ ਹੋਇਆ ਸੀ ਅਤੇ ਪਰਿਵਾਰ ਨੂੰ ਵੀ ਸ਼ੁੱਕਰਵਾਰ ਦੇਰ ਸ਼ਾਮ ਪਤਾ ਲੱਗਾ ਕਿ ਉਨ੍ਹਾਂ ਘਰ ਚੋਰੀ ਹੋ ਗਈ ਹੈ, ਉਨ੍ਹਾਂ ਦੱਸਿਆ ਕਿ ਇਸ ਚੋਰੀ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। 

More News

NRI Post
..
NRI Post
..
NRI Post
..