ਪੁਲਿਸ ਵੱਲੋਂ DSP ਦਾ ਕਾਰਡ ਚੋਰੀ ਕਰਨ ਵਾਲੇ ਡਰਾਈਵਰ ਨੂੰ ਕਾਬੂ ਕਰ ਅਦਾਲਤ ਵਿੱਚ ਕੀਤਾ ਪੇਸ਼

by mediateam

ਜਲੰਧਰ : ਸੀਆਈਏ ਸਟਾਫ ਦਿਹਾਤ ਪੁਲਿਸ ਵੱਲੋਂ ਡੀਐੱਸਪੀ ਦਾ ਕਾਰਡ ਚੋਰੀ ਕਰਨ ਵਾਲੇ ਡਰਾਈਵਰ ਨੂੰ ਕਾਬੂ ਕਰ ਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਵੱਲੋਂ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿਚ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਗਏ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦਿਹਾਤ ਦੇ ਮੁਖੀ ਇੰਸਪੈਕਟਰ ਸ਼ਿਵ ਸ਼ਰਮਾ ਵੱਲੋਂ ਬੀਤੇ ਦਿਨੀਂ ਭੋਗਪੁਰ ਵਿਚ ਨਾਕਾਬੰਦੀ ਕੀਤੀ ਹੋਈ ਸੀ ਕਿ ਕਾਲੀ ਫ਼ਿਲਮ ਲੱਗੀ ਇਕ ਕਾਰ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ ਅੰਮ੍ਰਿਤਸਰ 'ਚ ਤਾਇਨਾਤ ਡੀਐੱਸਪੀ (ਡੀ) ਡਾ. ਮਨਪ੍ਰੀਤ ਦਾ ਇਕ ਆਈਡੀ ਕਾਰਡ ਅਤੇ ਏਟੀਐੱਮ ਕਾਰਡ ਮਿਲਿਆ। ਇਸ ਬਾਰੇ ਪੁੱਛਣ 'ਤੇ ਟੈਕਸੀ ਡਰਾਈਵਰ ਕੋਈ ਢੁਕਵਾਂ ਜਵਾਬ ਨਹੀਂ ਦੇ ਸਕਿਆ। 

ਡਰਾਈਵਰ ਜਿਸ ਦੀ ਪਛਾਣ ਲੁਧਿਆਣਾ ਵਾਸੀ ਜਤਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਧਾਰਾ 471/474 ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਵੱਲੋਂ ਉਸ ਨੂੰ ਜੇਲ੍ਹ ਭੇਜਣ ਦੇ ਹੁਕਮ ਜਾਰੀ ਕਰ ਦਿਤੇ ਗਏ।ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਡੀਐੱਸਪੀ ਡਾ. ਮਨਪ੍ਰੀਤ 2017 ਵਿਚ ਇਕ ਵਿਆਹ 'ਚ ਸ਼ਾਮਿਲ ਹੋਣ ਲਈ ਜਲੰਧਰ ਹਵੇਲੀ ਆਏ ਸਨ। ਉਨ੍ਹਾਂ ਦੀ ਗੱਡੀ ਹਵੇਲੀ ਦੇ ਬਾਹਰ ਖੜ੍ਹੀ ਹੋਈ ਸੀ। ਉਸੇ ਦੌਰਾਨ ਜਤਿੰਦਰ ਸਿੰਘ ਇਕ ਸਵਾਰੀ ਲੈ ਕੇ ਹਵੇਲੀ ਖਾਣਾ-ਖਾਣ ਲਈ ਰੁਕਿਆ ਸੀ। ਜਦੋਂ ਜਤਿੰਦਰ ਨੇ ਡੀਐੱਸਪੀ ਦੀ ਗੱਡੀ ਵਿਚ ਇਕ ਬੈਗ ਪਿਆ ਦੇਖਿਆ ਤਾਂ ਉਸ ਦਾ ਮਨ ਲਾਲਚ ਨਾਲ ਭਰ ਗਿਆ ਅਤੇ ਉਸ ਨੇ ਗੱਡੀ ਦਾ ਤਾਲਾ ਖੋਲ੍ਹ ਕੇ ਉਸ ਵਿੱਚੋਂ ਬੈਗ ਚੋਰੀ ਕਰ ਲਿਆ। 

ਬੈਗ ਵਿਚ ਡੀਐੱਸਪੀ ਡਾ. ਮਨਪ੍ਰੀਤ ਦਾ ਆਈ ਕਾਰਡ, ਏਟੀਐੱਮ ਕਾਰਡ, ਨੌਂ ਹਜ਼ਾਰ ਰੁਪਏ ਨਗਦ ਅਤੇ ਕੁਝ ਜ਼ਰੂਰੀ ਸਾਮਾਨ ਸੀ।ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਤਿੰਦਰ ਸਿੰਘ ਦੀ ਟੈਕਸੀ ਦੇ ਸ਼ੀਸ਼ਿਆਂ ਉੱਪਰ ਕਾਲੀ ਫ਼ਿਲਮ ਲੱਗੀ ਹੋਈ ਹੈ। ਜਦ ਵੀ ਉਹ ਕਿਸੇ ਟੋਲ ਪਲਾਜ਼ਾ 'ਤੇ ਰੁਕਦਾ ਸੀ ਤਾਂ ਮੁਲਾਜ਼ਮਾਂ ਨੂੰ ਕਾਰਡ ਦਿਖਾ ਕੇ ਆਖਦਾ ਸੀ ਕਿ ਅੰਦਰ ਡੀਐੱਸਪੀ ਮੈਡਮ ਬੈਠੇ ਹੋਏ ਹਨ ਜਿਸ ਕਾਰਨ ਕੋਈ ਵੀ ਟੋਲ ਪਲਾਜ਼ਾ 'ਤੇ ਉਸ ਕੋਲੋਂ ਪੈਸੇ ਨਹੀਂ ਲੈਂਦੇ ਸਨ ਅਤੇ ਨਾ ਹੀ ਅੱਜ ਤਕ ਕਿਸੇ ਨੇ ਉੱਠ ਕੇ ਗੱਡੀ ਨੂੰ ਚੈੱਕ ਕੀਤਾ ਸੀ। ਹੁਣ ਤਕ ਜਤਿੰਦਰ ਤਕਰੀਬਨ ਡੇਢ ਸੌ ਵਾਰ ਟੋਲ ਟੈਕਸ ਬਚਾ ਚੁੱਕਿਆ ਹੈ।ਪੁੱਛਗਿੱਛ ਦੌਰਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਜਦ ਉਸ ਨੇ ਡੀਐੱਸਪੀ ਦਾ ਬੈਗ ਚੋਰੀ ਕੀਤਾ ਸੀ ਤਾਂ ਉਸ ਵਿੱਚੋਂ ਨਿਕਲੇ ਏਟੀਐੱਮ ਦੇ ਕਵਰ ਉੱਪਰ ਏਟੀਐੱਮ ਕੋਡ ਵੀ ਲਿਖਿਆ ਹੋਇਆ ਸੀ ਜਿਸ ਕਾਰਨ ਉਸ ਨੇ ਇਕ ਮਾਲ ਵਿੱਚੋਂ ਉਸੇ ਏਟੀਐੱਮ 'ਤੇ 12 ਹਜ਼ਾਰ ਰੁਪਏ ਦੀ ਸ਼ਾਪਿੰਗ ਵੀ ਕੀਤੀ ਸੀ।

More News

NRI Post
..
NRI Post
..
NRI Post
..