ਚੰਡੀਗੜ : ਸ਼ਹਿਰ ਦੀ ਮਸ਼ਹੂਰ ਸੁਖਨਾ ਝੀਲ ਦੇ ਜੰਗਲਾਤ ਏਰੀਆ 'ਚ ਝੀਲ ਕਿਨਾਰੇ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਲੇਕ 'ਚੋਂ ਕੱਢਿਆ ਤੇ ਜੀਐੱਮਐੱਸਐੱਚ-16 ਦੇ ਮੁਰਦਾ ਘਰ 'ਚ ਰੱਖਵਾ ਦਿੱਤਾ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।ਜਾਣਕਾਰੀ ਮੁਤਾਬਿਕ, ਸ਼ੁੱਕਰਵਾਰ ਸਵੇਰੇ ਸੀਆਰਪੀਐੱਫ ਦੀ ਮਹਿਲਾ ਜਵਾਨ ਲੇਕ 'ਚ ਰੋਇੰਗ ਕਰ ਰਹੀ ਸੀ।
ਇਸੇ ਦੌਰਾਨ ਉਸ ਦੀ ਨਜ਼ਰ ਲਾਸ਼ 'ਤੇ ਪਈ। ਇਸ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਜੀਐੱਮਐੱਸਐੱਚ-16 'ਚ ਪਹੁੰਚਾਇਆ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਕਿ ਵਿਅਕਤੀ ਦੀ ਉਮਰ ਕਰੀਬ 40 ਸਾਲ ਹੈ। ਲਾਸ਼ ਦੀ ਹਾਲਤ ਦੇਖ ਕੇ ਲੱਗ ਰਿਹੈ ਕਿ ਵਿਅਕਤੀ ਦੀ ਮੌਤ ਕਰੀਬ ਤਿੰਨ-ਚਾਰ ਦਿਨ ਪਹਿਲਾਂ ਹੋ ਚੁੱਕੀ ਹੈ। ਫਿਲਹਾਲ ਪੁਲਿਸ ਨੂੰ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਹੈ।



