ਜਲੰਧਰ : ਪਰਿਵਾਰਕ ਮੈਂਬਰਾਂ ਵੱਲੋਂ ਮਕਾਨ ਹਥਿਆਉਣ ਲਈ ਆਪਣੇ ਹੀ ਘਰ ਦੇ ਚਿਰਾਗ਼ ਨਾਲ ਮਾਰਕੁਟਾਈ ਕਰਨ ਅਤੇ ਧਮਕੀਆਂ ਦੇਣ ਤੋਂ ਦੁਖੀ ਹੋ ਕੇ ਇਕ ਨੌਜਵਾਨ ਨੇ ਫੇਸਬੁੱਕ ਉੱਪਰ ਆਪਣੀਆਂ ਹੱਡਬੀਤੀ ਸੁਣਾਉਂਦੇ ਹੋਏ ਜ਼ਹਿਰੀਲੀ ਵਸਤੂ ਦਾ ਸੇਵਨ ਕਰ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਸਬੰਧੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।ਇਸ ਬਾਰੇ ਮ੍ਰਿਤਕ ਸੁਖਵਿੰਦਰ ਸਿੰਘ ਸੁੱਖਾ ਪੁੱਤਰ ਸਵਰਨ ਸਿੰਘ ਵਾਸੀ ਗੁਰਬਚਨ ਨਗਰ ਦੀ ਪਤਨੀ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਕੋਲੋਂ ਉਸ ਦਾ ਪਿਤਾ, ਭਰਾ, ਭੈਣ ਅਤੇ ਜੀਜਾ ਉਨ੍ਹਾਂ ਦਾ ਮਕਾਨ ਹਥਿਆਉਣ ਲਈ ਕੁੱਟਮਾਰ ਕਰਦੇ ਰਹਿੰਦੇ ਸਨ।ਸੋਮਵਾਰ ਸਵੇਰੇ ਵੀ ਸੁਖਵਿੰਦਰ ਨਾਲ ਕੁੱਟਮਾਰ ਕੀਤੀ ਗਈ ਸੀ।
ਜਦੋਂ ਉਹ ਆਪਣੀ ਐੱਮਐੱਲਆਰ ਕਟਵਾਉਣ ਸਿਵਲ ਹਸਪਤਾਲ ਗਿਆ ਤਾਂ ਉੱਥੇ ਵੀ ਉਨ੍ਹਾਂ ਸਾਰਿਆਂ ਨੇ ਉਸ ਨੂੰ ਕੁੱਟਿਆ ਅਤੇ ਧਮਕੀਆਂ ਦੇ ਕੇ ਉੱਥੋਂ ਭਜਾ ਦਿੱਤਾ। ਇਸ ਗੱਲ ਤੋਂ ਦੁਖੀ ਹੋ ਕੇ ਸੁਖਵਿੰਦਰ ਸਿੰਘ ਨੇ ਘਰ ਪਹੁੰਚਦੇ ਹੀ ਫੇਸਬੁੱਕ 'ਤੇ ਆਪਣੀ ਹੱਡਬੀਤੀ ਸੁਣਾਉਣ ਤੋਂ ਬਾਅਦ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਨੰਬਰ ਇਕ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।



