30 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਬ੍ਰੈਗਜ਼ਿਟ ਨੂੰ ਲੈ ਕੇ ਥੈਰੇਸਾ ਮੇ ਸਰਕਾਰ ਦੀ ਸਰਕਾਰ ਇੱਕ ਵਾਰ ਫਿਰ ਆਪਣਾ ਪ੍ਰਸਤਾਵ ਲੈ ਕੇ ਐੱਮਪੀਜ਼ ਦੇ ਸਾਹਮਣੇ ਜਾ ਸਕਦੀ ਹੈ | ਥੈਰੇਸਾ ਮੇ ਦੀ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਬ੍ਰੈਂਡਨ ਲੇਵਿਸ ਨੇ ਕਿਹਾ ਹੈ ਕਿ ਬ੍ਰੈਗਜ਼ਿਟ (ਯੂਰਪੀ ਯੂਨੀਅਨ ਤੋਂ ਅਲੱਗ ਹੋਣ) ਨੂੰ ਲੈ ਕੇ ਸਾਰੇ ਬਦਲ ਖੁੱਲ੍ਹੇ ਹੋਏ ਹਨ | ਇਸ ਦੌਰਾਨ ਮੀਡੀਆ ਵਿਚ ਚਰਚਾ ਹੈ ਕਿ ਥੈਰੇਸਾ ਮੇ ਜਲਦੀ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੀ ਹੈ ਅਤੇ ਅੰਤਿਮ ਪ੍ਰਧਾਨ ਮੰਤਰੀ ਨੂੰ ਸਰਕਾਰ ਦਾ ਚੌਥਾ ਬ੍ਰੈਗਜ਼ਿਟ ਮਸੌਦਾ ਪੇਸ਼ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ |
ਇਸ ਨਾਲ ਬ੍ਰੈਗਜ਼ਿਟ ਨੂੰ ਲੈ ਕੇ ਨਿਰਧਾਰਤ ਪ੍ਰਕਿਰਿਆ ਥੋੜ੍ਹੀ ਹੋਰ ਟਲ਼ ਸਕਦੀ ਹੈ | ਫਿਲਹਾਲ ਇਹ ਤਰੀਕ 22 ਮਈ ਨਿਰਧਾਰਤ ਕੀਤੀ ਗਈ ਹੈ| ਬ੍ਰਿਟੇਨ 'ਚ ਬ੍ਰੈਗਜ਼ਿਟ ਨੂੰ ਲੈ ਕੇ ਸਰਗਰਮੀਆਂ ਸਿਖਰ 'ਤੇ ਹਨ | ਯੂਰਪੀ ਯੂਨੀਅਨ (ਈਯੂ) ਤੋਂ ਵੱਖ ਹੋਣ ਨੂੰ ਲੈ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਕਿਆਫ਼ੇ ਲਗਾ ਰਹੇ ਹਨ | ਬ੍ਰੈਗਜ਼ਿਟ ਦੇ ਸਮੱਰਥਕਾਂ ਅਤੇ ਵਿਰੋਧੀਆਂ ਵਿਚਕਾਰ ਅਜੀਬ ਖਿੱਚੋਤਾਣ ਚੱਲ ਰਹੀ ਹੈ | ਦੋਨੋਂ ਹੀ ਪੱਖ ਸੜਕ 'ਤੇ ਉਤਰ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਚੁੱਕੇ ਹਨ |
ਯੂਰਪੀ ਸੰਘ ਨੇ ਬਿ੍ਟੇਨ ਵਿਚ ਬ੍ਰੈਗਜ਼ਿਟ ਪ੍ਰਸਤਾਵ ਮਿਲਣ ਦੀ ਤਰੀਕ 12 ਅਪ੍ਰੈਲ ਤੈਅ ਕਰ ਰੱਖੀ ਹੈ | ਇਸ ਪਿੱਛੋਂ ਉਹ ਪ੍ਰਕਿਰਿਆ ਨੂੰ ਅੱਗੇ ਵਧਾਏਗਾ | ਇਸ ਦੌਰਾਨ ਵਿਰੋਧੀ ਲੇਬਰ ਪਾਰਟੀ ਦੇ ਆਗੂ ਜਰਮੀ ਕਾਰਬਿਨ ਨੇ ਕਿਹਾ ਹੈ ਕਿ ਥੈਰੇਸਾ ਮੇ ਆਪਣਾ ਬ੍ਰੈਗਜ਼ਿਟ ਮਸੌਦਾ ਬਦਲੇ ਜਾਂ ਫਿਰ ਅਹੁਦਾ ਛੱਡੇ |
ਸਰਕਾਰ ਦਾ ਸਹਿਯੋਗੀ ਦਲ ਡੀਯੂਪੀ ਵੀ ਥੈਰੇਸਾ ਦੇ ਬ੍ਰੈਗਜ਼ਿਟ ਪ੍ਰਸਤਾਵ ਨਾਲ ਸਹਿਮਤ ਨਹੀਂ ਹੈ। ਅਜਿਹੇ ਸਮੇਂ ਥੈਰੇਸਾ ਦੇ ਮੂਲ ਪ੍ਰਸਤਾਵ 'ਤੇ ਬਿ੍ਟੇਨ ਦਾ ਯੂਰਪੀ ਸੰਘ ਤੋਂ ਵੱਖ ਹੋਣਾ ਮੁਸ਼ਕਲ ਲੱਗ ਰਿਹਾ ਹੈ | ਈਯੂ ਦੇ ਪ੍ਰਧਾਨ ਡੋਨਾਲਡ ਟਸਕ ਨੇ 10 ਅਪ੍ਰੈਲ ਨੂੰ ਹੋਣ ਵਾਲੀ ਯੂਰਪੀ ਕੌਂਸਲ ਦੀ ਮੀਟਿੰਗ ਵਿਚ ਰਾਹ ਨਿਕਲਣ ਦੀ ਉਮੀਦ ਪ੍ਰਗਟਾਈ ਹੈ |


